
ਮੋਹਾਲੀ, 01 ਜੁਲਾਈ (ਹਿੰ.ਸ.)| ਮੋਹਾਲੀ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਇੱਕ ਸਰਗਰਮ ਗਿਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਹੁਣ ਤੱਕ 17 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਹਨ।
ਸੀਨੀਅਰ ਕਪਤਾਨ ਪੁਲਿਸ ਮਨਿੰਦਰ ਸਿੰਘ (ਆਈ.ਪੀ.ਐਸ.) ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਪਤਾਨ ਪੁਲਿਸ (ਸ਼ਹਿਰੀ) ਦਿਲਪ੍ਰੀਤ ਸਿੰਘ ਅਤੇ ਉਪ ਕਪਤਾਨ ਪੁਲਿਸ (ਸ਼ਹਿਰੀ-2) ਹਰਸਿਮਰਤ ਸਿੰਘ ਛੇਤਰਾ ਦੀ ਨਿਗਰਾਨੀ ਹੇਠ ਥਾਣਾ ਸੋਹਾਣਾ ਦੇ ਮੁੱਖ ਅਫ਼ਸਰ ਇੰਸਪੈਕਟਰ ਸਿਮਰਜੀਤ ਸਿੰਘ ਦੀ ਅਗਵਾਈ ਵਿੱਚ ਇਹ ਕਾਰਵਾਈ ਕੀਤੀ ਗਈ।
ਪੁਲਿਸ ਅਨੁਸਾਰ ਸੈਕਟਰ 78-79 ਵਿੱਚ ਨਾਕਾਬੰਦੀ ਦੌਰਾਨ ਏ.ਐਸ.ਆਈ. ਨਰਿੰਦਰ ਸਿੰਘ ਅਤੇ ਪੁਲਿਸ ਪਾਰਟੀ ਨੇ ਅਜੇ ਉਰਫ਼ ਸ਼ਿਬੂ, ਗਗਨਦੀਪ ਸਿੰਘ ਉਰਫ਼ ਰਾਣਾ ਅਤੇ ਗੁਰਪ੍ਰੀਤ ਸਿੰਘ ਉਰਫ਼ ਬਿੱਲਾ, ਤਿੰਨਾਂ ਵਾਸੀ ਪਿੰਡ ਸੋਹਾਣਾ, ਨੂੰ ਇੱਕ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਕਾਬੂ ਕੀਤਾ।
ਇਸ ਸਬੰਧੀ ਥਾਣਾ ਸੋਹਾਣਾ ਵਿੱਚ ਧਾਰਾ 303(2) ਅਤੇ 317(2) ਬੀ.ਐਨ.ਐਸ. ਅਧੀਨ ਕੇਸ ਦਰਜ ਕੀਤਾ ਗਿਆ। ਅਦਾਲਤ ਤੋਂ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਵੱਖ-ਵੱਖ ਥਾਵਾਂ ਤੋਂ ਕੁੱਲ 17 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਗਏ।
ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਅਗਲੇਰੀ ਤਫ਼ਤੀਸ਼ ਜਾਰੀ ਹੈ ਅਤੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਗਿਰੋਹ ਦੇ ਹੋਰ ਮੈਂਬਰ ਜਾਂ ਇਸ ਤਰ੍ਹਾਂ ਦੀਆਂ ਹੋਰ ਵਾਰਦਾਤਾਂ ਨਾਲ ਉਨ੍ਹਾਂ ਦਾ ਕੋਈ ਸਬੰਧ ਹੈ ਜਾਂ ਨਹੀਂ।
ਹਿੰਦੂਸਥਾਨ ਸਮਾਚਾਰ / GURSHARAN SINGH