ਕਪੂਰਥਲਾ : ਜ਼ਿਲ੍ਹੇ 'ਚ ਘਰ-ਘਰ ਗਣਨਾ ਮੁਹਿੰਮ ਤਹਿਤ ਹੁਣ ਤੱਕ 5700 ਫਾਰਮ ਡਿਜੀਟਾਈਜ਼
ਕਪੂਰਥਲਾ, 01 ਜੁਲਾਈ (ਹਿੰ.ਸ.)। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਅਕਾਸ਼ ਬਾਂਸਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ''ਤੇ 25 ਜੂਨ ਤੋਂ ਜ਼ਿਲ੍ਹੇ ਵਿੱਚ ਐੱਸ.ਆਈ.ਆਰ. ਦੀ ਮੁਹਿੰਮ ਚੱਲ ਰਹੀ ਹੈ, ਜਿਸ ਤਹਿਤ ਬੀ.ਐੱਲ.ਓਜ਼ ਵੱਲੋਂ ਘਰ-ਘਰ ਜਾ ਕੇ ਗਣਨਾ ਫਾਰਮ ਵੰਡੇ ਜਾ ਰਹੇ ਹਨ
ਜ਼ਿਲ੍ਹਾ ਚੋਣ ਅਫਸਰ ਅਕਾਸ਼ ਬਾਂਸਲ।


ਕਪੂਰਥਲਾ, 01 ਜੁਲਾਈ (ਹਿੰ.ਸ.)। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਅਕਾਸ਼ ਬਾਂਸਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ 'ਤੇ 25 ਜੂਨ ਤੋਂ ਜ਼ਿਲ੍ਹੇ ਵਿੱਚ ਐੱਸ.ਆਈ.ਆਰ. ਦੀ ਮੁਹਿੰਮ ਚੱਲ ਰਹੀ ਹੈ, ਜਿਸ ਤਹਿਤ ਬੀ.ਐੱਲ.ਓਜ਼ ਵੱਲੋਂ ਘਰ-ਘਰ ਜਾ ਕੇ ਗਣਨਾ ਫਾਰਮ ਵੰਡੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀ.ਐੱਲ.ਓਜ਼ ਵੱਲੋਂ ਵੋਟਰਾਂ ਪਾਸੋਂ ਪ੍ਰਾਪਤ ਕੀਤੇ ਗਏ ਮੁਕੰਮਲ ਫਾਰਮਾਂ ਨੂੰ ਮੋਬਾਈਲ ਐਪ ਰਾਹੀਂ ਡਿਜੀਟਾਈਜ਼ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਦੇਰ ਸ਼ਾਮ ਤੱਕ ਕੁੱਲ 5700 ਫਾਰਮ ਡਿਜੀਟਾਈਜ਼ ਕੀਤੇ ਜਾ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ 791 ਬੀ.ਐੱਲ.ਓ. ਚਾਰ ਵਿਧਾਨ ਸਭਾ ਹਲਕਿਆਂ ਵਿੱਚ 6,14,981 ਵੋਟਰਾਂ ਤੱਕ ਇਨੁਮ੍ਰੇਸ਼ਨ ਫਾਰਮ ਵੰਡਣ ਅਤੇ ਉਨ੍ਹਾਂ ਪਾਸੋਂ ਫਾਰਮ ਵਾਪਸ ਪ੍ਰਾਪਤ ਕਰਨ ਲਈ ਪਹੁੰਚ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਚੱਲ ਰਹੀ ਐੱਸ.ਆਈ.ਆਰ. ਮੁਹਿੰਮ ਵਿੱਚ ਸਰਗਰਮ ਭਾਗੀਦਾਰ ਬਣਨ ਤਾਂ ਜੋ ਕੋਈ ਵੀ ਯੋਗ ਵੋਟਰ ਆਪਣੀ ਵੋਟ ਦਰੁਸਤ ਕਰਵਾਉਣ ਤੋਂ ਵਾਂਝਾ ਨਾ ਰਹਿ ਜਾਵੇ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਹਰੇਕ ਬੀ.ਐੱਲ.ਓ. ਬੰਦ ਘਰ ਵਿੱਚ ਵੱਧ ਤੋਂ ਵੱਧ ਤਿੰਨ ਵਾਰ ਜਾਵੇਗਾ। ਜੇਕਰ ਫਿਰ ਵੀ ਘਰ ਬੰਦ ਮਿਲਦਾ ਹੈ, ਤਾਂ ਉਹ ਗਣਨਾ ਫਾਰਮ ਦਰਵਾਜ਼ੇ 'ਤੇ ਛੱਡ ਕੇ ਜਾਵੇਗਾ। ਹਰੇਕ ਵੋਟਰ ਨੂੰ ਪਹਿਲਾਂ ਤੋਂ ਛਪੇ ਫਾਰਮ ਦੀਆਂ ਦੋ ਕਾਪੀਆਂ ਮਿਲਣਗੀਆਂ — ਇੱਕ ਅਸਲ ਅਤੇ ਇੱਕ ਡੁਪਲੀਕੇਟ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਅਸਲ ਫਾਰਮ ਭਰ ਕੇ ਬੀ.ਐੱਲ.ਓ. ਦੀ ਅਗਲੀ ਫੇਰੀ ਸਮੇਂ ਉਸ ਨੂੰ ਵਾਪਸ ਸੌਂਪ ਦੇਣ। ਫਾਰਮ ਪ੍ਰਾਪਤ ਕਰਨ ਤੋਂ ਬਾਅਦ ਬੀ.ਐੱਲ.ਓ. ਵੱਲੋਂ ਰਸੀਦ ਜਾਰੀ ਕੀਤੀ ਜਾਵੇਗੀ ਅਤੇ ਡੁਪਲੀਕੇਟ ਕਾਪੀ ਵੋਟਰ ਕੋਲ ਹੀ ਰਹੇਗੀ। ਜੇਕਰ ਵੋਟਰ ਖ਼ੁਦ ਉਪਲਬਧ ਨਾ ਹੋਵੇ, ਤਾਂ ਇਹ ਫਾਰਮ ਪਰਿਵਾਰ ਦੇ ਕਿਸੇ ਵੀ ਬਾਲਗ ਮੈਂਬਰ ਨੂੰ ਦਿੱਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਵੋਟਰਾਂ ਨੂੰ ਅਜੇ ਤੱਕ ਫਾਰਮ ਨਹੀਂ ਮਿਲੇ, ਉਹ ਟੋਲ-ਫ੍ਰੀ ਨੰਬਰ 1950 ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01822-233777 ‘ਤੇ ਸੰਪਰਕ ਕਰ ਸਕਦੇ ਹਨ ਜਾਂ ਫਿਰ ਬੀ.ਐੱਲ.ਓ. ਨਾਲ ਕਾਲ ਬੁੱਕ ਕਰੋ ਸਹੂਲਤ ਦਾ ਲਾਭ ਉਠਾ ਸਕਦੇ ਹਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਘਰ-ਘਰ ਗਣਨਾ ਕਰਨ ਦੀ ਇਹ ਮੁਹਿੰਮ 24 ਜੁਲਾਈ 2026 ਤੱਕ ਜਾਰੀ ਰਹੇਗੀ ਅਤੇ ਪੋਲਿੰਗ ਸਟੇਸ਼ਨਾਂ ਦਾ ਪੁਨਰਗਠਨ ਵੀ ਮਿਤੀ 24 ਜੁਲਾਈ 2026 ਤੱਕ ਮੁਕੰਮਲ ਕਰ ਲਿਆ ਜਾਵੇਗਾ। ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 3 ਅਗਸਤ 2026 ਨੂੰ ਕੀਤੀ ਜਾਵੇਗੀ। ਇਸ ਦੌਰਾਨ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ਼ 3 ਅਗਸਤ ਤੋਂ 2 ਸਤੰਬਰ 2026 ਤੱਕ ਦਰਜ ਕਰਵਾਏ ਜਾ ਸਕਦੇ ਹਨ, ਜਦਕਿ ਇਨ੍ਹਾਂ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 3 ਅਗਸਤ ਤੋਂ 28 ਸਤੰਬਰ 2026 ਤੱਕ ਕੀਤਾ ਜਾਵੇਗਾ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 01 ਅਕਤੂਬਰ 2026 ਨੂੰ ਕੀਤੀ ਜਾਵੇਗੀ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande