
ਯੋਗ, ਧਿਆਨ ਅਤੇ ਵਿਸ਼ੇਸ਼ ਖੁਰਾਕ ਯੋਜਨਾ ਰਾਹੀਂ ਲੈਣਗੇ ਸਿਹਤ ਲਾਭ, ਸਰਕਾਰੀ ਕੰਮਕਾਜ ਪਹਿਲਾਂ ਵਾਂਗ ਜਾਰੀ ਰਹੇਗਾ
ਚੰਡੀਗੜ੍ਹ, 02 ਜੁਲਾਈ (ਹਿੰ.ਸ.)| ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਹਫ਼ਤੇ ਦੇ ਵਿਪੱਸਨਾ ਅਤੇ ਕੁਦਰਤੀ ਇਲਾਜ ਪ੍ਰੋਗਰਾਮ ਲਈ ਬੈਂਗਲੁਰੂ ਰਵਾਨਾ ਹੋ ਗਏ ਹਨ। ਉਹ ਉੱਥੇ ਇੱਕ ਨਿੱਜੀ ਕੁਦਰਤੀ ਚਿਕਿਤਸਾ ਕੇਂਦਰ ਵਿੱਚ ਰਹਿ ਕੇ ਕੁਦਰਤੀ ਇਲਾਜ, ਯੋਗ, ਧਿਆਨ ਅਤੇ ਵਿਸ਼ੇਸ਼ ਖੁਰਾਕ ਯੋਜਨਾ ਰਾਹੀਂ ਸਿਹਤ ਲਾਭ ਲੈਣਗੇ। ਸਰਕਾਰੀ ਸੂਤਰਾਂ ਅਨੁਸਾਰ, ਉਨ੍ਹਾਂ ਦੀ ਗੈਰਹਾਜ਼ਰੀ ਦੌਰਾਨ ਵੀ ਸਰਕਾਰ ਦਾ ਰੋਜ਼ਾਨਾ ਕੰਮਕਾਜ ਪਹਿਲਾਂ ਵਾਂਗ ਹੀ ਚੱਲਦਾ ਰਹੇਗਾ।
ਪ੍ਰਾਪਤ ਜਾਣਕਾਰ ਮੁਤਾਬਕ , ਮੁੱਖ ਮੰਤਰੀ ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਰਾਜਨੀਤਿਕ ਪ੍ਰੋਗਰਾਮਾਂ, ਪ੍ਰਸ਼ਾਸਨਿਕ ਮੀਟਿੰਗਾਂ ਅਤੇ ਸਰਕਾਰੀ ਗਤੀਵਿਧੀਆਂ ਵਿੱਚ ਰੁੱਝੇ ਹੋਏ ਸਨ। ਲਗਾਤਾਰ ਦੌਰਿਆਂ ਅਤੇ ਵਿਅਸਤ ਦਿਨਚਰਿਆ ਕਾਰਨ ਉਨ੍ਹਾਂ ਨੂੰ ਥਕਾਵਟ ਦੀ ਸ਼ਿਕਾਇਤ ਸੀ। ਡਾਕਟਰਾਂ ਦੀ ਸਲਾਹ 'ਤੇ ਉਨ੍ਹਾਂ ਨੇ ਇੱਕ ਹਫ਼ਤੇ ਦਾ ਸਿਹਤ ਪ੍ਰੋਗਰਾਮ ਤੈਅ ਕੀਤਾ ਹੈ।
ਬੈਂਗਲੁਰੂ ਵਿੱਚ ਮੁੱਖ ਮੰਤਰੀ ਕੁਦਰਤੀ ਚਿਕਿਤਸਾ ਪੱਧਤੀ ਤਹਿਤ ਸਰੀਰ ਦੀ ਸ਼ੁੱਧੀ, ਯੋਗ, ਧਿਆਨ ਅਤੇ ਵਿਸ਼ੇਸ਼ ਖੁਰਾਕ ਦੀ ਪਾਲਣਾ ਕਰਨਗੇ। ਇਸ ਦੌਰਾਨ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਉਨ੍ਹਾਂ ਦੀ ਨਿਯਮਿਤ ਸਿਹਤ ਜਾਂਚ ਵੀ ਕੀਤੀ ਜਾਵੇਗੀ। ਲੋੜ ਪੈਣ 'ਤੇ ਇਲਾਜ ਅਤੇ ਡਾਈਟ ਪਲਾਨ ਵਿੱਚ ਤਬਦੀਲੀਆਂ ਵੀ ਕੀਤੀਆਂ ਜਾ ਸਕਦੀਆਂ ਹਨ। ਸੂਤਰਾਂ ਅਨੁਸਾਰ, ਉਹ ਵਿਪੱਸਨਾ ਅਤੇ ਧਿਆਨ ਸੈਸ਼ਨਾਂ ਵਿੱਚ ਵੀ ਹਿੱਸਾ ਲੈਣਗੇ।
ਬੈਂਗਲੁਰੂ ਰਵਾਨਾ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਰਾਜ ਦੀਆਂ ਕਈ ਮਹੱਤਵਪੂਰਨ ਵਿਕਾਸ ਯੋਜਨਾਵਾਂ ਦੀ ਸਮੀਖਿਆ ਕੀਤੀ। ਉਨ੍ਹਾਂ ਵੱਖ-ਵੱਖ ਪ੍ਰੋਜੈਕਟਾਂ ਨਾਲ ਜੁੜੇ ਕੰਮਾਂ ਦਾ ਉਦਘਾਟਨ ਕੀਤਾ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ, ਤਾਂ ਜੋ ਉਨ੍ਹਾਂ ਦੀ ਗੈਰਹਾਜ਼ਰੀ ਦੌਰਾਨ ਵਿਕਾਸ ਕਾਰਜ ਪ੍ਰਭਾਵਿਤ ਨਾ ਹੋਣ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੀ ਗੈਰਮੌਜੂਦਗੀ ਵਿੱਚ ਵੀ ਸਾਰੇ ਵਿਭਾਗ ਆਮ ਵਾਂਗ ਕੰਮ ਕਰਦੇ ਰਹਿਣਗੇ। ਪ੍ਰਸ਼ਾਸਨਿਕ ਪ੍ਰਬੰਧ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ ਅਤੇ ਲੋੜ ਪੈਣ 'ਤੇ ਮੁੱਖ ਮੰਤਰੀ ਅਧਿਕਾਰੀਆਂ ਨਾਲ ਸੰਪਰਕ ਵਿੱਚ ਰਹਿ ਕੇ ਜ਼ਰੂਰੀ ਫ਼ੈਸਲੇ ਵੀ ਲੈਂਦੇ ਰਹਿਣਗੇ।
ਹਿੰਦੂਸਥਾਨ ਸਮਾਚਾਰ / GURSHARAN SINGH