

ਅੰਮ੍ਰਿਤਸਰ, 02 ਜੁਲਾਈ (ਹਿੰ.ਸ.)| ਅੰਮ੍ਰਿਤਸਰ ਦੇ ਸ੍ਰੀ
ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਅਤੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਨੇ ਸਾਂਝੀ ਕਾਰਵਾਈ ਕਰਦਿਆਂ
ਸੋਨੇ ਦੀ ਤਸਕਰੀ ਦੇ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਇੱਕ ਮਹਿਲਾ ਸਮੇਤ ਤਿੰਨ ਯਾਤਰੀਆਂ ਨੂੰ ਕਾਬੂ
ਕੀਤਾ ਹੈ। ਇਨ੍ਹਾਂ ਕੋਲੋਂ ਕੁੱਲ ਕਰੀਬ1 ਕਰੋੜ ਰੁਪਏ ਮੁੱਲ ਦਾ
ਸੋਨਾ ਬਰਾਮਦ ਕੀਤਾ ਗਿਆ ਹੈ। ਕਸਟਮ ਅਧਿਕਾਰੀਆਂ
ਅਨੁਸਾਰ ਬਰਾਮਦ ਕੀਤਾ ਗਿਆ ਸੋਨਾ ਜ਼ਬਤ ਕਰ ਲਿਆ ਗਿਆ ਹੈ ਅਤੇ ਤਿੰਨਾਂ ਯਾਤਰੀਆਂ ਖ਼ਿਲਾਫ਼ਸੀਮਾ ਸ਼ੁਲਕ ਐਕਟ, 1962ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ
ਦਿੱਤੀ ਗਈ ਹੈ। ਅਧਿਕਾਰੀ ਇਹ ਵੀ ਪਤਾ ਲਗਾ ਰਹੇ ਹਨ ਕਿ ਇਨ੍ਹਾਂ ਘਟਨਾਵਾਂ ਦੇ ਪਿੱਛੇ ਕੋਈ
ਅੰਤਰਰਾਸ਼ਟਰੀ ਸੋਨਾ ਤਸਕਰੀ ਗਿਰੋਹ ਤਾਂ ਸਰਗਰਮ ਨਹੀਂ।
ਪਹਿਲਾ ਮਾਮਲਾ: ਜੁੱਤਿਆਂ ਵਿੱਚ ਲੁਕਾ ਕੇ ਲਿਆਂਦਾ ਗਿਆ ਸੋਨਾ
ਡੀ.ਆਰ.ਆਈ. ਅਤੇ
ਕਸਟਮ ਦੀ ਟੀਮ ਨੇ ਸ਼ਾਰਜਾਹ ਤੋਂ ਫਲਾਈਟ ਨੰਬਰ 6ਈ1428 ਰਾਹੀਂ ਅੰਮ੍ਰਿਤਸਰ ਪਹੁੰਚੇ ਇੱਕ ਯਾਤਰੀ ਨੂੰ
ਸ਼ੱਕ ਦੇ ਆਧਾਰ 'ਤੇ ਰੋਕਿਆ। ਐਕਸ-ਰੇ ਸਕੈਨਿੰਗ ਅਤੇ ਨਿੱਜੀ
ਤਲਾਸ਼ੀ ਦੌਰਾਨ ਉਸ ਕੋਲੋਂ ਪੇਸਟ ਦੇ ਰੂਪ ਵਿੱਚ 174 ਗ੍ਰਾਮ ਸੋਨਾ ਬਰਾਮਦ ਹੋਇਆ। ਸ਼ੁੱਧ ਕਰਨ ਤੋਂ ਬਾਅਦ ਇਸ ਦਾ
ਵਜ਼ਨ 150.04 ਗ੍ਰਾਮ ਨਿਕਲਿਆ, ਜਿਸ ਦੀ
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 22 ਲੱਖ 5 ਹਜ਼ਾਰ 588 ਰੁਪਏਦੱਸੀ ਗਈ। ਇਹ ਸੋਨਾ ਜੁੱਤਿਆਂ ਦੇ ਅੰਦਰ ਲੁਕਾਇਆ ਗਿਆ ਸੀ।
ਦੂਜਾ ਮਾਮਲਾ: ਮਹਿਲਾ ਯਾਤਰੀ ਕੋਲੋਂ ਪੇਸਟ ਰੂਪ ਵਿੱਚ ਸੋਨਾ ਬਰਾਮਦ
ਸ਼ਾਰਜਾਹ ਤੋਂ ਫਲਾਈਟ
ਨੰਬਰ ਆਈਐਕਸ-138ਰਾਹੀਂ ਆਈ ਇੱਕ ਮਹਿਲਾ ਯਾਤਰੀ ਨੂੰ ਵੀ ਜਾਂਚ ਲਈ ਰੋਕਿਆ ਗਿਆ। ਤਲਾਸ਼ੀ
ਦੌਰਾਨ ਉਸ ਕੋਲੋਂ ਪੇਸਟ ਦੇ ਰੂਪ ਵਿੱਚ 114 ਗ੍ਰਾਮ ਸੋਨਾ ਮਿਲਿਆ। ਸ਼ੁੱਧ ਕਰਨ ਤੋਂ ਬਾਅਦ ਇਸ ਦਾ ਵਜ਼ਨ 90.21 ਗ੍ਰਾਮ ਪਾਇਆ ਗਿਆ, ਜਿਸ ਦੀ ਕੀਮਤ13 ਲੱਖ 26 ਹਜ਼ਾਰ 87 ਰੁਪਏ ਅੰਕੀ ਗਈ।
ਤੀਜਾ ਮਾਮਲਾ: ਕੜਿਆਂ ਅਤੇ ਚੇਨ ਵਿੱਚ ਲੁਕਾਇਆ ਸੋਨਾ
ਇੱਕ ਹੋਰ ਕਾਰਵਾਈ
ਦੌਰਾਨ ਮੇਲਬਰਨ ਤੋਂ ਕੁਆਲਾਲੰਪੁਰ ਰਾਹੀਂ ਫਲਾਈਟ ਨੰਬਰ ਐਮਐਚ-118 ਨਾਲ ਅੰਮ੍ਰਿਤਸਰ ਪਹੁੰਚੇ ਇੱਕ ਯਾਤਰੀ ਕੋਲੋਂ 24 ਕੈਰਟ ਸੋਨੇ ਦੇ ਦੋ
ਕੜੇ ਅਤੇ ਇੱਕ ਚੇਨ ਬਰਾਮਦ ਕੀਤੀ ਗਈ।
ਬਰਾਮਦ ਸੋਨੇ ਦਾ ਕੁੱਲ ਵਜ਼ਨ 484 ਗ੍ਰਾਮ ਹੈ, ਜਿਸ ਦੀ ਕੀਮਤ 70 ਲੱਖ 66 ਹਜ਼ਾਰ 400 ਰੁਪਏ ਦੱਸੀ ਗਈ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH