
ਪੁਲਿਸ ਨੇ ਪਤੀ ਅਤੇ ਸੱਸ ਖ਼ਿਲਾਫ਼ ਮਾਮਲਾ ਦਰਜ ਕੀਤਾ, ਪਰਿਵਾਰ ਨੇ ਹਸਪਤਾਲ
ਬਾਹਰ ਕੀਤਾ ਰੋਸ ਪ੍ਰਦਰਸ਼ਨ
ਮੋਗਾ, 02 ਜੁਲਾਈ (ਹਿੰ.ਸ.)| ਮੋਗਾ ਵਿੱਚ ਦਾਜ਼
ਅਤੇ ਵਿਦੇਸ਼ ਭੇਜਣ ਲਈ ਪੈਸਿਆਂ ਦੀ ਮੰਗ ਤੋਂ ਕਥਿਤ ਤੌਰ 'ਤੇ ਤੰਗ ਆਈ ਇੱਕ
ਵਿਆਹੁਤਾ ਵੱਲੋਂ ਜ਼ਹਿਰੀਲਾ ਪਦਾਰਥ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਲਾਜ ਦੌਰਾਨ ਉਸ ਦੀ ਮੌਤ
ਹੋ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਪਤੀ ਅਤੇ ਸੱਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਵਿਆਹਤਾ ਦੀ ਪਛਾਣ ਨਵਦੀਪ ਕੌਰ ਵਜੋਂ ਹੋਈ
ਹੈ, ਜਿਸ ਦਾ ਵਿਆਹ 8 ਸਤੰਬਰ 2024 ਨੂੰ ਮੋਗਾ ਦੇ ਜਗਦੇਵ ਸਿੰਘ ਗਿੱਲ ਨਗਰ ਨਿਵਾਸੀ ਗੁਰਦੇਵ ਸਿੰਘ ਉਰਫ਼
ਵਿਕੀ ਨਾਲ ਹੋਇਆ ਸੀ। ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਮੁਤਾਬਕ ਵਿਆਹ ਤੋਂ ਬਾਅਦ ਉਸ ਦੇ ਪਤੀ
ਗੁਰਦੇਵ ਸਿੰਘ ਅਤੇ ਸੱਸ ਮਲਕੀਤ ਕੌਰ ਵੱਲੋਂ ਉਸ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਲਗਾਤਾਰ ਪੈਸਿਆਂ
ਦੀ ਮੰਗ ਕੀਤੀ ਜਾਂਦੀ ਸੀ ਅਤੇ ਮਾਨਸਿਕ ਤੌਰ 'ਤੇ ਤੰਗ ਕੀਤਾ ਜਾਂਦਾ ਸੀ।
ਪਰਿਵਾਰ ਦਾ ਕਹਿਣਾ ਹੈ ਕਿ ਨਵਦੀਪ ਕੌਰ ਕਈ ਵਾਰ ਆਪਣੇ ਨਾਲ ਹੋ ਰਹੀ
ਪਰੇਸ਼ਾਨੀ ਬਾਰੇ ਦੱਸਦੀ ਸੀ, ਪਰ ਉਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਹਾਲਾਤ ਇੰਨੇ ਗੰਭੀਰ ਹੋ
ਜਾਣਗੇ। ਕਥਿਤ ਤੰਗ-ਪਰੇਸ਼ਾਨੀ ਤੋਂ ਤੰਗ ਆ ਕੇ ਉਸ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ।
ਹਾਲਤ ਖਰਾਬ ਹੋਣ 'ਤੇ ਉਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ
ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿੱਛੇ ਇੱਕ
ਛੋਟਾ ਬੱਚਾ ਵੀ ਹੈ।
ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਮੋਗਾ ਸਿਟੀ ਪੁਲਿਸ ਨੇ ਜਾਂਚ
ਸ਼ੁਰੂ ਕੀਤੀ ਅਤੇ ਜਾਂਚ ਉਪਰੰਤ ਪਤੀ ਗੁਰਦੇਵ ਸਿੰਘ ਉਰਫ਼ ਵਿਕੀ ਅਤੇ ਸੱਸ ਮਲਕੀਤ ਕੌਰ ਖ਼ਿਲਾਫ਼
ਭਾਰਤੀ ਨਿਆਂ ਸੰਹਿਤਾਦੀ ਧਾਰਾ 108 ਤਹਿਤ ਮਾਮਲਾ ਦਰਜ
ਕੀਤਾ ਗਿਆ ਹੈ। ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸਬੂਤਾਂ ਦੇ ਆਧਾਰ 'ਤੇ ਅੱਗੇ ਦੀ
ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH