
ਖੰਨਾ, 02 ਜੁਲਾਈ (ਹਿੰ.ਸ.)| ਖੰਨਾ ਪੁਲਿਸ ਨੇ ਐੱਸ.ਐੱਸ.ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 53 ਐਨਡੀਪੀਐਸ ਮਾਮਲਿਆਂ ਨਾਲ ਸਬੰਧਤ ਜ਼ਬਤ ਕੀਤੀ ਗਈ ਨਸ਼ੀਲੀ ਸਮੱਗਰੀ ਨੂੰ ਸਰਕਾਰੀ ਇਨਸੀਨੇਟਰ, ਪੁਲਿਸ ਚੌਕੀ ਈਸ਼ਵਰ ਨਗਰ (ਫੋਕਲ ਪੁਆਇੰਟ, ਲੁਧਿਆਣਾ) ਵਿਖੇ ਨਿਯਮਾਂ ਅਨੁਸਾਰ ਨਸ਼ਟ ਕੀਤਾ ਗਿਆ।
ਪੁਲਿਸ ਅਨੁਸਾਰ ਨਸ਼ਟ ਕੀਤੀ ਗਈ ਸਮੱਗਰੀ ਵਿੱਚ 10 ਕਿਲੋ ਭੁੱਕੀ, 3 ਕਿਲੋ 300 ਗ੍ਰਾਮ ਗਾਂਜਾ, 1 ਕਿਲੋ 50 ਗ੍ਰਾਮ ਹੈਰੋਇਨ, 60 ਨਸ਼ੀਲੀਆਂ ਗੋਲੀਆਂ ਅਤੇ 49 ਖਾਲੀ ਕੱਪੜੇ ਦੇ ਥੈਲੇ ਸ਼ਾਮਲ ਸਨ। ਇਹ ਸਾਰੀ ਸਮੱਗਰੀ ਵੱਖ-ਵੱਖ ਐਨਡੀਪੀਐਸ ਕੇਸਾਂ ਦੌਰਾਨ ਜ਼ਬਤ ਕੀਤੀ ਗਈ ਸੀ ਅਤੇ ਅਦਾਲਤੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਨਸ਼ਟ ਕੀਤੀ ਗਈ।
ਐੱਸ.ਐੱਸ.ਪੀ. ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਖੰਨਾ ਪੁਲਿਸ ਦੀ ਪਹਿਲੀ ਤਰਜੀਹ ਨਸ਼ਾ ਤਸਕਰਾਂ ਦੇ ਨੈੱਟਵਰਕ ਨੂੰ ਤੋੜਨਾ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਪੇਟ ਵਿੱਚ ਆਉਣ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਦੇ ਨਾਲ-ਨਾਲ ਜ਼ਬਤ ਕੀਤੇ ਨਸ਼ੀਲੇ ਪਦਾਰਥਾਂ ਦਾ ਸਮੇਂ ਸਿਰ ਕਾਨੂੰਨੀ ਢੰਗ ਨਾਲ ਨਿਪਟਾਰਾ ਕਰਨਾ ਵੀ ਬਹੁਤ ਜ਼ਰੂਰੀ ਹੈ, ਤਾਂ ਜੋ ਇਨ੍ਹਾਂ ਦੀ ਮੁੜ ਵਰਤੋਂ ਦੀ ਕੋਈ ਸੰਭਾਵਨਾ ਨਾ ਰਹੇ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਤਹਿਤ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਨਸ਼ਾ ਤਸਕਰੀ ਨਾਲ ਸਬੰਧਤ ਕੋਈ ਵੀ ਜਾਣਕਾਰੀ ਤੁਰੰਤ ਪੁਲਿਸ ਨਾਲ ਸਾਂਝੀ ਕਰਨ। ਉਨ੍ਹਾਂ ਭਰੋਸਾ ਦਿੱਤਾ ਕਿ ਸੂਚਨਾ ਦੇਣ ਵਾਲੇ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਖੰਨਾ ਪੁਲਿਸ ਨੇ ਕਿਹਾ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹਿਣਗੀਆਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਵਿੱਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH