ਅੰਮ੍ਰਿਤਸਰ 'ਚ ਯੂਨਾਈਟਿਡ ਡਾਕਟਰਜ਼ ਫਰੰਟ ਵੱਲੋਂ ‘ਫਿੱਟ ਭਾਰਤ–ਹਿੱਟ ਭਾਰਤ' ਵਿਸ਼ੇ ’ਤੇ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 02 ਜੁਲਾਈ (ਹਿੰ.ਸ.)| ਯੂਨਾਈਟਿਡ ਡਾਕਟਰਜ਼ ਫਰੰਟ (ਯੂ.ਡੀ.ਐੱਫ.) ਵੱਲੋਂ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਸਹਿਯੋਗ ਨਾਲ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਦੇ ਆਡੀਟੋਰੀਅਮ ਵਿੱਚ ''ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ-2026'' ਤਹਿਤ ''ਫਿੱਟ ਭਾਰਤ–ਹਿੱਟ ਭਾਰਤ''
ਡਾਇਲਾਗ ਵਿੱਚ ਭਾਗ ਲੈਣ ਵਾਲੇ ਨੌਜਵਾਨ ਡਾਕਟਰਾਂ ਨੂੰ ਸਨਮਾਨਿਤ ਕਰਦੇ ਹੋਏ ਡਾਕਟਰ।


ਅੰਮ੍ਰਿਤਸਰ, 02 ਜੁਲਾਈ (ਹਿੰ.ਸ.)| ਯੂਨਾਈਟਿਡ ਡਾਕਟਰਜ਼ ਫਰੰਟ (ਯੂ.ਡੀ.ਐੱਫ.) ਵੱਲੋਂ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਸਹਿਯੋਗ ਨਾਲ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਦੇ ਆਡੀਟੋਰੀਅਮ ਵਿੱਚ 'ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ-2026' ਤਹਿਤ 'ਫਿੱਟ ਭਾਰਤ–ਹਿੱਟ ਭਾਰਤ' ਵਿਸ਼ੇ 'ਤੇ ਯੰਗ ਪ੍ਰੋਫੈਸ਼ਨਲਜ਼ ਰਾਊਂਡ ਟੇਬਲ ਦਾ ਆਯੋਜਨ ਕੀਤਾ ਗਿਆ। ਸਮਾਗਮ ਦਾ ਉਦੇਸ਼ ਡਾਕਟਰਾਂ ਦੀ ਭਲਾਈ, ਸਰੀਰਕ ਅਤੇ ਮਾਨਸਿਕ ਤੰਦਰੁਸਤੀ ਅਤੇ ਦੇਸ਼ ਨਿਰਮਾਣ ਵਿੱਚ ਨੌਜਵਾਨਾਂ ਦੀ ਭੂਮਿਕਾ ਨੂੰ ਉਜਾਗਰ ਕਰਨਾ ਸੀ।

ਸਮਾਗਮ ਵਿੱਚ ਹਾਕੀ ਓਲੰਪੀਅਨ, ਵਿਸ਼ਵ ਕੱਪ ਜੇਤੂ ਅਤੇ ਅਰਜੁਨ ਐਵਾਰਡੀ ਬ੍ਰਿਗੇਡੀਅਰ ਹਰਚਰਨ ਸਿੰਘ (ਵੀ.ਐਸ.ਐਮ.) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਯੂਨਾਈਟਿਡ ਡਾਕਟਰਜ਼ ਫਰੰਟ ਦੇ ਚੇਅਰਪਰਸਨ ਡਾ. ਲਕਸ਼ਯ ਮਿੱਤਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ, ਜਦਕਿ ਡਾ. ਸਿਮਰ ਐਸ. ਕੁੱਲਰ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ। ਇਸ ਮੌਕੇ ਸਰਕਾਰੀ ਮੈਡੀਕਲ ਕਾਲਜ ਦੇ ਸੀਨੀਅਰ ਫੈਕਲਟੀ ਮੈਂਬਰਾਂ, ਏ.ਆਈ.ਜੀ. ਇੰਟੈਲੀਜੈਂਸ ਪੰਜਾਬ ਗੁਰਸੇਵਕ ਸਿੰਘ ਬਰਾੜ (ਪੀ.ਪੀ.ਐੱਸ.) ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਰਹੀਆਂ।

ਰਾਊਂਡ ਟੇਬਲ ਦੌਰਾਨ ਡਾਕਟਰਾਂ, ਮੈਡੀਕਲ ਵਿਦਿਆਰਥੀਆਂ, ਨੌਜਵਾਨ ਪੇਸ਼ੇਵਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਨੌਜਵਾਨਾਂ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਖ਼ਾਸ ਤੌਰ 'ਤੇ ਰੈਜ਼ੀਡੈਂਟ ਡਾਕਟਰਾਂ ਦੀਆਂ ਲੰਬੀਆਂ ਡਿਊਟੀਆਂ, ਵਧਦੇ ਕੰਮ ਦੇ ਦਬਾਅ ਅਤੇ ਇਸ ਕਾਰਨ ਉਨ੍ਹਾਂ ਦੀ ਮਾਨਸਿਕ ਸਿਹਤ 'ਤੇ ਪੈ ਰਹੇ ਪ੍ਰਭਾਵ ਨੂੰ ਗੰਭੀਰਤਾ ਨਾਲ ਉਠਾਇਆ ਗਿਆ। ਬੁਲਾਰਿਆਂ ਨੇ ਕਿਹਾ ਕਿ ਡਾਕਟਰਾਂ ਨੂੰ ਵੀ ਹੋਰ ਜ਼ਰੂਰੀ ਸਰਕਾਰੀ ਸੇਵਾਵਾਂ ਵਾਂਗ ਸਨਮਾਨ, ਸੁਰੱਖਿਆ ਅਤੇ ਬਿਹਤਰ ਕਾਰਜਕਾਰੀ ਮਾਹੌਲ ਮਿਲਣਾ ਚਾਹੀਦਾ ਹੈ।

ਚਰਚਾ ਦੌਰਾਨ ਸੰਤੁਲਿਤ ਖੁਰਾਕ, ਨਿਯਮਿਤ ਕਸਰਤ, ਖੇਡਾਂ ਅਤੇ ਕੰਮ-ਜੀਵਨ ਵਿੱਚ ਸੰਤੁਲਨ ਬਣਾਈ ਰੱਖਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਗਿਆ। ਬੁਲਾਰਿਆਂ ਨੇ ਨੌਜਵਾਨਾਂ ਅਤੇ ਸਿਹਤ ਕਰਮੀਆਂ ਨੂੰ ਰੁਝੇਵਿਆਂ ਦੇ ਬਾਵਜੂਦ ਆਪਣੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਪਹਿਲ ਦੇਣ ਦੀ ਅਪੀਲ ਕੀਤੀ।

ਇਸ ਮੌਕੇ ਯੂਨਾਈਟਿਡ ਡਾਕਟਰਜ਼ ਫਰੰਟ ਵੱਲੋਂ ਦੋ ਵਿਸ਼ੇਸ਼ ਮੁਹਿੰਮਾਂ ਦੀ ਸ਼ੁਰੂਆਤ ਵੀ ਕੀਤੀ ਗਈ। 'ਡਰੱਗ ਫ੍ਰੀ ਭਾਰਤ ਕੈਂਪੇਨ' ਤਹਿਤ ਨਸ਼ਾ ਮੁਕਤ ਸਮਾਜ ਦਾ ਸੰਦੇਸ਼ ਦਿੱਤਾ ਗਿਆ ਅਤੇ ਰਾਸ਼ਟਰੀ ਨਸ਼ਾ ਮੁਕਤੀ ਹੈਲਪਲਾਈਨ 14446 ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੇ ਨਾਲ ਹੀ 'ਦ ਗਿਫਟ ਆਫ਼ ਲਾਈਫ' ਮੁਹਿੰਮ ਰਾਹੀਂ ਲੋਕਾਂ ਨੂੰ ਨੋਟੋ ਦੇ ਜ਼ਰੀਏ ਅੰਗਦਾਨ ਦੀ ਸਹੁੰ ਚੁੱਕ ਕੇ ਦੂਜਿਆਂ ਨੂੰ ਨਵੀਂ ਜ਼ਿੰਦਗੀ ਦੇਣ ਲਈ ਪ੍ਰੇਰਿਤ ਕੀਤਾ ਗਿਆ।

ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਲਕਸ਼ਯ ਮਿੱਤਲ ਨੇ ਕਿਹਾ ਕਿ ਡਾਕਟਰਾਂ ਦਾ ਸਨਮਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀਆਂ ਅਸਲ ਸਮੱਸਿਆਵਾਂ ਦਾ ਹੱਲ ਕੱਢਣਾ ਵੀ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਡਾਕਟਰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਹੋਣਗੇ ਤਾਂ ਹੀ ਉਹ ਸਮਾਜ ਨੂੰ ਬਿਹਤਰ ਸਿਹਤ ਸੇਵਾਵਾਂ ਦੇ ਸਕਣਗੇ। ਉਨ੍ਹਾਂ ਹਰ ਨਾਗਰਿਕ ਨੂੰ ਫਿਟਨੈੱਸ, ਪੌਸ਼ਟਿਕ ਖੁਰਾਕ ਅਤੇ ਖੇਡਾਂ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਦਾ ਸੱਦਾ ਦਿੱਤਾ। ਸਮਾਗਮ ਦੇ ਅੰਤ ਵਿੱਚ ਡਾਇਲਾਗ ਵਿੱਚ ਭਾਗ ਲੈਣ ਵਾਲੇ ਨੌਜਵਾਨ ਡਾਕਟਰਾਂ ਅਤੇ ਮੈਡੀਕਲ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande