
ਚੰਡੀਗੜ੍ਹ, 28 ਜੁਲਾਈ (ਹਿੰ.ਸ.)| ਪੰਜਾਬ ਭਾਜਪਾ ਵੱਲੋਂ ਸੰਤ ਸ਼ਿਰੋਮਣੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਵਰ੍ਹੇ ਨੂੰ ਸਮਰਪਿਤ ‘ਸਮਰਸਤਾ ਸੰਕਲਪ ਅਭਿਆਨ’ ਦੀ ਸ਼ੁਰੂਆਤ 29 ਜੁਲਾਈ ਨੂੰ ਗੁਰੂ ਪੂਰਨਿਮਾ ਦੇ ਪਾਵਨ ਦਿਹਾੜੇ ਮੌਕੇ ਕੀਤੀ ਜਾਵੇਗੀ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਅਭਿਆਨ 29 ਜੁਲਾਈ 2026 ਤੋਂ 20 ਫਰਵਰੀ 2027 (ਮਾਘ ਪੂਰਨਿਮਾ) ਤੱਕ ਚੱਲੇਗਾ।
ਉਨ੍ਹਾਂ ਦੱਸਿਆ ਕਿ ਭਾਜਪਾ ਦੇ ਰਾਸ਼ਟਰੀ ਨੇਤ੍ਰਿਤਵ ਦੀ ਰਹਿਨੁਮਾਈ ਹੇਠ ਚਲਾਏ ਜਾ ਰਹੇ ਇਸ ਰਾਸ਼ਟਰਵਿਆਪੀ ਅਭਿਆਨ ਦਾ ਮੁੱਖ ਉਦੇਸ਼ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਮਾਨਤਾ, ਸਨਮਾਨ, ਸਮਾਜਿਕ ਸਮਰਸਤਾ ਅਤੇ ਸਮਾਜਿਕ ਨਿਆਂ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅਭਿਆਨ ਦੀ ਸ਼ੁਰੂਆਤ ‘ਸ਼੍ਰੀ ਗੁਰੂ ਰਵਿਦਾਸ ਮਹਾਰਾਜ ਸਮਰਸਤਾ ਦੀਪ ਮਹੋਤਸਵ’ ਨਾਲ ਹੋਵੇਗੀ। ਇਸ ਤਹਿਤ ਪੰਜਾਬ ਭਰ ਦੇ ਗੁਰੂ ਰਵਿਦਾਸ ਮੰਦਰਾਂ ਵਿੱਚ ਦੀਪ ਪ੍ਰਜਵਲਿਤ ਕੀਤੇ ਜਾਣਗੇ ਅਤੇ ਭਜਨ-ਕੀਰਤਨ, ਧਾਰਮਿਕ ਪ੍ਰਵਚਨ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਸੰਗਤੀ ਲੰਗਰਾਂ ਦਾ ਆਯੋਜਨ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ 29 ਜੁਲਾਈ ਤੋਂ 10 ਸਤੰਬਰ ਤੱਕ ‘ਸ਼੍ਰੀ ਗੁਰੂ ਰਵਿਦਾਸ ਮਹਾਰਾਜ ਕਲਸ਼ ਵੰਦਨ ਅਭਿਆਨ’ ਚਲਾਇਆ ਜਾਵੇਗਾ। ਇਸ ਦੌਰਾਨ ਵਾਰਾਣਸੀ ਸਥਿਤ ਗੁਰੂ ਰਵਿਦਾਸ ਜੀ ਦੀ ਜਨਮ ਅਸਥਾਨ ਸੀਰ ਗੋਵਰਧਨਪੁਰ ਦੀ ਪਵਿੱਤਰ ਮਿੱਟੀ ਨਾਲ ਭਰੇ ਕਲਸ਼ ਨੂੰ ਪੰਜਾਬ ਦੇ ਵੱਖ-ਵੱਖ ਗੁਰੂ ਰਵਿਦਾਸ ਮੰਦਰਾਂ ਵਿੱਚ ਸ਼ਰਧਾ ਨਾਲ ਪਹੁੰਚਾਇਆ ਜਾਵੇਗਾ। ਢਿੱਲੋਂ ਨੇ ਦੱਸਿਆ ਕਿ 29 ਜੁਲਾਈ ਤੋਂ 31 ਅਗਸਤ ਤੱਕ ‘ਸੰਤ ਸੰਪਰਕ ਅਭਿਆਨ’ ਤਹਿਤ ਭਾਜਪਾ ਆਗੂ ਅਤੇ ਵਰਕਰ ਗੁਰੂ ਰਵਿਦਾਸ ਪਰੰਪਰਾ ਨਾਲ ਜੁੜੇ ਸੰਤਾਂ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਇਸ ਤੋਂ ਬਾਅਦ 5 ਅਕਤੂਬਰ ਤੋਂ 5 ਨਵੰਬਰ ਤੱਕ ‘ਸ਼੍ਰੀ ਗੁਰੂ ਰਵਿਦਾਸ ਮਹਾਰਾਜ ਸਮਰਸਤਾ ਯਾਤਰਾ’ ਕੱਢੀ ਜਾਵੇਗੀ, ਜੋ ਜਲੰਧਰ ਦੇ ਡੇਰਾ ਸੱਚਖੰਡ ਬੱਲਾਂ ਤੋਂ ਵਾਰਾਣਸੀ ਦੇ ਸੀਰ ਗੋਵਰਧਨਪੁਰ ਤੱਕ ਜਾਵੇਗੀ।
ਉਨ੍ਹਾਂ ਕਿਹਾ ਕਿ 26 ਨਵੰਬਰ 2026 ਤੋਂ 15 ਜਨਵਰੀ 2027 ਤੱਕ ਵਿਦਿਆਰਥੀਆਂ ਲਈ ‘ਸ਼੍ਰੀ ਗੁਰੂ ਰਵਿਦਾਸ ਮਹਾਰਾਜ ਵਿਦਿਆਰਥੀ ਹੋਸਟਲ ਸੰਪਰਕ ਅਭਿਆਨ’ ਚਲਾਇਆ ਜਾਵੇਗਾ, ਜਿਸ ਤਹਿਤ ਵਿਦਿਆਰਥੀਆਂ ਨੂੰ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅਤੇ ਸਮਾਜਿਕ ਸਮਰਸਤਾ ਦੇ ਸੰਦੇਸ਼ ਨਾਲ ਜੋੜਿਆ ਜਾਵੇਗਾ। ਅਭਿਆਨ ਨੂੰ ਪੰਜਾਬ ਵਿੱਚ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਕੇਵਲ ਸਿੰਘ ਢਿੱਲੋਂ ਨੇ ਡਾ. ਜਗਮੋਹਨ ਸਿੰਘ ਰਾਜੂ, ਆਈਏਐਸ (ਸੇਵਾਮੁਕਤ) ਅਤੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਦੀ ਅਗਵਾਈ ਹੇਠ ਸੂਬਾ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਵਿੱਚ ਸਾਬਕਾ ਵਿਧਾਇਕ ਅਵਿਨਾਸ਼ ਚੰਦਰ, ਸ਼ੀਤਲ ਅੰਗੁਰਾਲ, ਰਵੀ ਇੰਦਰ ਕਾਹਲੋਂ, ਸੇਵਾਮੁਕਤ ਆਈਏਐਸ ਅਧਿਕਾਰੀ ਐਸ.ਆਰ. ਲਾਧੜ, ਰੇਣੂ ਕਸ਼ਯਪ ਅਤੇ ਭਾਨੂ ਪ੍ਰਤਾਪ ਨੂੰ ਮੈਂਬਰ ਬਣਾਇਆ ਗਿਆ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH