
ਚੰਡੀਗੜ੍ਹ, 28 ਜੁਲਾਈ (ਹਿੰ.ਸ.)| ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਸੰਘਰਸ਼ ਭਵਿੱਖ ਵਿੱਚ ਭਾਰਤ ਦੇ ਇਤਿਹਾਸ ਵਿੱਚ ਰੋਸ ਦੇ ਰੁੱਖ ਵਜੋਂ ਯਾਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਨੌਜਵਾਨਾਂ ਦੀ ਜਾਗਰੂਕਤਾ ਅਤੇ ਆਪਣੇ ਹੱਕਾਂ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਬਣ ਕੇ ਉਭਰਿਆ ਹੈ।ਮੋਹਾਲੀ ਦੇ ਸੈਕਟਰ-66ਏ ਸਥਿਤ ਸਟੋਰੀਲਾਈਨ ਮੋਂਟੇਸਰੀ ਐਂਡ ਕੈਫੇ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਧਵਾਂ ਨੇ ਕਿਹਾ ਕਿ ਇਸ ਸੰਘਰਸ਼ ਦੇ ਬੀਜ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਚਲਾਏ ਗਏ ਇਤਿਹਾਸਕ ਅੰਦੋਲਨ ਦੌਰਾਨ ਬੀਜੇ ਗਏ ਸਨ। ਉਨ੍ਹਾਂ ਕਿਹਾ ਕਿ ਅੱਜ ਦਾ ਨੌਜਵਾਨ ਦੇਸ਼ ਦਾ ਭਵਿੱਖ ਹੈ ਅਤੇ ਉਸ ਦੀਆਂ ਭਾਵਨਾਵਾਂ ਤੇ ਹੱਕਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀ ਅੰਦੋਲਨ ਨੇ ਕਈ ਅਹਿਮ ਅਤੇ ਲੁਕੇ ਹੋਏ ਮੁੱਦਿਆਂ ਨੂੰ ਵੀ ਸਾਹਮਣੇ ਲਿਆਂਦਾ ਹੈ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਮਨਜਿੰਦਰ ਸਿੰਘ ਲਾਲਪੁਰਾ ਵੀ ਮੌਜੂਦ ਸਨ।ਸਪੀਕਰ ਨੇ ਮੋਂਟੇਸਰੀ ਸਕੂਲ ਅਤੇ ਕੈਫੇ ਦਾ ਦੌਰਾ ਕਰਦਿਆਂ ਸੰਸਥਾ ਦੇ ਪ੍ਰਬੰਧਕਾਂ ਗੁਰਪ੍ਰੀਤ ਸਿੰਘ ਬਰਾੜ, ਹਰਸ਼ੇਰ ਸਿੰਘ ਸਿੱਧੂ ਅਤੇ ਦਵਿੰਦਰ ਸਿੰਘ ਬਰਾੜ ਨਾਲ ਗੱਲਬਾਤ ਕੀਤੀ। ਉਨ੍ਹਾਂ ਬੱਚਿਆਂ ਲਈ ਸੁਰੱਖਿਅਤ, ਰਚਨਾਤਮਕ ਅਤੇ ਪਰਿਵਾਰ-ਕੇਂਦਰਿਤ ਮਾਹੌਲ ਮੁਹੱਈਆ ਕਰਵਾਉਣ ਦੀ ਇਸ ਵਿਲੱਖਣ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ੁਰੂਆਤੀ ਬਾਲ ਸਿੱਖਿਆ ਨੂੰ ਪਰਿਵਾਰਕ ਕੈਫੇ ਦੇ ਸੰਕਲਪ ਨਾਲ ਜੋੜਨਾ ਇੱਕ ਪ੍ਰੇਰਣਾਦਾਇਕ ਮਾਡਲ ਹੈ।ਸੰਧਵਾਂ ਨੇ ਕਿਹਾ ਕਿ ਇਹ ਸੰਸਥਾ ਬੱਚਿਆਂ ਨੂੰ ਕਹਾਣੀਆਂ, ਰਚਨਾਤਮਕ ਗਤੀਵਿਧੀਆਂ ਅਤੇ ਅਨੁਭਵ-ਅਧਾਰਿਤ ਸਿੱਖਿਆ ਰਾਹੀਂ ਸਿੱਖਣ ਦੇ ਮੌਕੇ ਪ੍ਰਦਾਨ ਕਰਦੀ ਹੈ। ਨਾਲ ਹੀ ਮਾਪਿਆਂ ਅਤੇ ਬੱਚਿਆਂ ਨੂੰ ਇਕੱਠੇ ਗੁਣਵੱਤਾ ਭਰਿਆ ਸਮਾਂ ਬਿਤਾਉਣ ਲਈ ਵੀ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਆਧੁਨਿਕ ਸਿੱਖਿਆ ਮਾਡਲ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਲਾਹੇਵੰਦ ਹਨ।ਉਨ੍ਹਾਂ ਦੱਸਿਆ ਕਿ ਦੋ ਤੋਂ ਪੰਜ ਸਾਲ ਦੀ ਉਮਰ ਦੇ ਬੱਚਿਆਂ ਲਈ ਸ਼ੁਰੂ ਕੀਤੇ ਇਸ ਮੋਂਟੇਸਰੀ ਸਕੂਲ ਵਿੱਚ ਥੋੜ੍ਹੇ ਸਮੇਂ ਵਿੱਚ ਹੀ ਕਰੀਬ 35 ਬੱਚਿਆਂ ਦਾ ਦਾਖਲਾ ਹੋਣਾ ਇਸ ਦੀ ਲੋਕਪ੍ਰਿਯਤਾ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਇੱਥੇ ਬੱਚਿਆਂ ਨੂੰ ਮੋਬਾਈਲ ਅਤੇ ਟੈਲੀਵਿਜ਼ਨ ਦੀਆਂ ਸਕ੍ਰੀਨਾਂ ਤੋਂ ਦੂਰ ਰੱਖਦਿਆਂ ਅਜਿਹਾ ਮਾਹੌਲ ਦਿੱਤਾ ਜਾਂਦਾ ਹੈ, ਜਿੱਥੇ ਉਹ ਖੁਦਮੁਖਤਿਆਰੀ, ਆਤਮ-ਵਿਸ਼ਵਾਸ, ਟੀਮ ਵਰਕ ਅਤੇ ਰਚਨਾਤਮਕ ਸੋਚ ਵਰਗੇ ਜੀਵਨ ਲਈ ਲੋੜੀਂਦੇ ਹੁਨਰ ਕੁਦਰਤੀ ਢੰਗ ਨਾਲ ਸਿੱਖਦੇ ਹਨ।ਇਸ ਦੌਰਾਨ ਸੰਸਥਾ ਦੀ ਪ੍ਰਬੰਧਕੀ ਟੀਮ ਨੇ ਆਪਣੇ ਵਿਜ਼ਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਬੱਚਿਆਂ ਅਤੇ ਪਰਿਵਾਰਾਂ ਲਈ ਅਜਿਹਾ ਮਾਹੌਲ ਤਿਆਰ ਕਰਨਾ ਹੈ, ਜਿੱਥੇ ਸਿੱਖਣ, ਖੋਜ ਕਰਨ ਅਤੇ ਵਿਕਾਸ ਕਰਨ ਦੇ ਨਾਲ-ਨਾਲ ਪਰਿਵਾਰ ਇਕੱਠੇ ਗੁਣਵੱਤਾ ਭਰਿਆ ਸਮਾਂ ਵੀ ਬਿਤਾ ਸਕਣ।ਆਉਣ ਵਾਲੇ ਪੰਜਾਬ ਵਿਧਾਨ ਸਭਾ ਸੈਸ਼ਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਕਾਰਜਕਾਲ ਲੋਕ ਭਲਾਈ ਨਾਲ ਜੁੜੇ ਮਹੱਤਵਪੂਰਨ ਫ਼ੈਸਲਿਆਂ ਲਈ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਨੇ ਹਮੇਸ਼ਾਂ ਸੂਬੇ ਅਤੇ ਲੋਕਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਹੈ ਅਤੇ ਆਉਣ ਵਾਲੇ ਸੈਸ਼ਨ ਵਿੱਚ ਵੀ ਇਹੀ ਰਵੱਈਆ ਬਰਕਰਾਰ ਰਹੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH