
ਲੁਧਿਆਣਾ, 28 ਜੁਲਾਈ (ਹਿੰ.ਸ.)| ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਅਗਵਾਈ ਹੇਠ ਫੂਡ ਸੇਫਟੀ ਔਨ ਵ੍ਹੀਲਜ਼ ਮੁਹਿੰਮ ਤਹਿਤ ਡਾਬਾ ਰੋਡ ਵਿਖੇ ਵਿਸ਼ੇਸ਼ ਨਿਰੀਖਣ ਅਤੇ ਜਾਗਰੂਕਤਾ ਅਭਿਆਨ ਚਲਾਇਆ ਗਿਆ। ਇਸ ਦੌਰਾਨ ਮੋਬਾਈਲ ਫੂਡ ਟੈਸਟਿੰਗ ਲੈਬ ਰਾਹੀਂ ਭੋਜਨ ਪਦਾਰਥਾਂ ਦੀ ਮੌਕੇ 'ਤੇ ਹੀ ਜਾਂਚ ਕੀਤੀ ਗਈ।
ਨਿਰੀਖਣ ਦੌਰਾਨ ਫੂਡ ਸੇਫਟੀ ਟੀਮ ਨੇ ਪਨੀਰ, ਖੋਆ ਬਰਫ਼ੀ ਅਤੇ ਮਿਲਕ ਕੇਕ ਦੇ ਤਿੰਨ ਨਮੂਨੇ ਇਕੱਠੇ ਕਰਕੇ ਜਾਂਚੇ। ਜਾਂਚ ਵਿੱਚ ਇੱਕ ਨਮੂਨਾ ਭੋਜਨ ਸੁਰੱਖਿਆ ਮਾਪਦੰਡਾਂ ਅਨੁਸਾਰ ਠੀਕ ਪਾਇਆ ਗਿਆ, ਜਦਕਿ ਦੋ ਨਮੂਨੇ ਗੁਣਵੱਤਾ ਜਾਂਚ ਵਿੱਚ ਅਸਫਲ ਰਹੇ। ਟੈਸਟ ਰਿਪੋਰਟਾਂ ਤੁਰੰਤ ਸਬੰਧਤ ਫੂਡ ਬਿਜ਼ਨਸ ਆਪਰੇਟਰਾਂ ਨੂੰ ਸੌਂਪੀਆਂ ਗਈਆਂ ਤਾਂ ਜੋ ਲੋੜੀਂਦੇ ਸੁਧਾਰ ਜਲਦੀ ਕੀਤੇ ਜਾ ਸਕਣ।
ਇਸ ਮੌਕੇ ਸਟ੍ਰੀਟ ਫੂਡ ਵਿਕਰੇਤਾਵਾਂ ਅਤੇ ਫੂਡ ਬਿਜ਼ਨਸ ਆਪਰੇਟਰਾਂ ਲਈ ਭੋਜਨ ਸੁਰੱਖਿਆ ਅਤੇ ਸਫ਼ਾਈ ਸਬੰਧੀ ਜਾਗਰੂਕਤਾ ਸੈਸ਼ਨ ਵੀ ਕਰਵਾਇਆ ਗਿਆ। ਉਨ੍ਹਾਂ ਨੂੰ ਨਿੱਜੀ ਸਫ਼ਾਈ, ਭੋਜਨ ਤਿਆਰ ਕਰਨ ਅਤੇ ਸੰਭਾਲਣ ਦੇ ਸੁਰੱਖਿਅਤ ਤਰੀਕੇ, ਸਾਫ਼ ਪਾਣੀ ਦੀ ਵਰਤੋਂ, ਰਹਿੰਦ-ਖੂੰਹਦ ਦੇ ਸਹੀ ਪ੍ਰਬੰਧਨ ਅਤੇ ਐੱਫਐੱਸਐੱਸਏਆਈ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਬਾਰੇ ਜਾਣਕਾਰੀ ਦਿੱਤੀ ਗਈ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਸੁਰੱਖਿਅਤ, ਸਵੱਛ ਅਤੇ ਗੁਣਵੱਤਾ ਵਾਲਾ ਭੋਜਨ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਨਿਯਮਤ ਨਿਰੀਖਣ, ਮੌਕੇ 'ਤੇ ਭੋਜਨ ਜਾਂਚ ਅਤੇ ਜਾਗਰੂਕਤਾ ਮੁਹਿੰਮਾਂ ਜਾਰੀ ਰਹਿਣਗੀਆਂ। ਉਨ੍ਹਾਂ ਫੂਡ ਬਿਜ਼ਨਸ ਆਪਰੇਟਰਾਂ ਅਤੇ ਸਟ੍ਰੀਟ ਫੂਡ ਵਿਕਰੇਤਾਵਾਂ ਨੂੰ ਭੋਜਨ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।
ਹਿੰਦੂਸਥਾਨ ਸਮਾਚਾਰ / GURSHARAN SINGH