
ਚੰਡੀਗੜ੍ਹ, 28 ਜੁਲਾਈ (ਹਿੰ.ਸ.)| ਜਲੰਧਰ ਦੇ ਸੋਸ਼ਲ ਮੀਡੀਆ ਇੰਫਲੂਐਂਸਰ ਨਵਦੀਪ ਸਿੰਘ ਉਰਫ਼ ਰੋਜਰ ਸੰਧੂ ਦੇ ਘਰ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਪਾਕਿਸਤਾਨੀ ਅੱਤਵਾਦੀ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਸ਼ਹਿਜ਼ਾਦ ਭੱਟੀ ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਹੈ। ਮੋਹਾਲੀ ਸਥਿਤ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਉਸ ਖ਼ਿਲਾਫ਼ ਓਪਨ-ਡੇਟਿਡ ਗੈਰ-ਜ਼ਮਾਨਤੀ ਵਾਰੰਟ (ਐਨਬੀਡਬਲਯੂ) ਜਾਰੀ ਕੀਤਾ ਹੈ।ਅਦਾਲਤ ਨੇ ਮੰਨਿਆ ਕਿ ਦੋਸ਼ੀ ਲਗਾਤਾਰ ਫ਼ਰਾਰ ਹੈ ਅਤੇ ਉਸ ਵੱਲੋਂ ਕੀਤੇ ਗਏ ਅਪਰਾਧਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਸ ਨੂੰ ਸਮਨ ਜਾਂ ਜ਼ਮਾਨਤੀ ਵਾਰੰਟ ਰਾਹੀਂ ਅਦਾਲਤ ਵਿੱਚ ਪੇਸ਼ ਕਰਵਾਉਣਾ ਸੰਭਵ ਨਹੀਂ ਹੈ। ਐਨਆਈਏ ਮੁਤਾਬਕ ਸ਼ਹਿਜ਼ਾਦ ਭੱਟੀ ਇਸ ਸਮੇਂ ਬ੍ਰਾਜ਼ੀਲ ਵਿੱਚ ਲੁਕਿਆ ਹੋਇਆ ਹੈ ਅਤੇ ਉੱਥੋਂ ਹੀ ਭਾਰਤ ਵਿਰੋਧੀ ਅੱਤਵਾਦੀ ਗਤੀਵਿਧੀਆਂ ਚਲਾ ਰਿਹਾ ਹੈ।ਕਾਨੂੰਨੀ ਮਾਹਿਰਾਂ ਦੇ ਅਨੁਸਾਰ, ਇਸ ਗੈਰ-ਜ਼ਮਾਨਤੀ ਵਾਰੰਟ ਦੇ ਆਧਾਰ 'ਤੇ ਹੁਣ ਇੰਟਰਪੋਲ ਤੋਂ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਅਤੇ ਦੋਸ਼ੀ ਦੇ ਹਵਾਲਗੀ (ਐਕਸਟ੍ਰਾਡੀਸ਼ਨ) ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ। ਇਹ ਵਾਰੰਟ ਦੋਸ਼ੀ ਦੀ ਗ੍ਰਿਫ਼ਤਾਰੀ ਤੱਕ ਪ੍ਰਭਾਵੀ ਰਹੇਗਾ।ਜਿਕਰਯੋਗ ਹੈ ਕਿ 16 ਮਾਰਚ 2025 ਨੂੰ ਜਲੰਧਰ ਦੇ ਮਕਸੂਦਾਂ ਇਲਾਕੇ ਵਿੱਚ ਨਵਦੀਪ ਸਿੰਘ ਉਰਫ਼ ਰੋਜਰ ਸੰਧੂ ਦੇ ਘਰ ਦੀ ਬਾਲਕਨੀ ਵਿੱਚ ਇੱਕ ਹੈਂਡ ਗ੍ਰਨੇਡ ਮਿਲਿਆ ਸੀ। ਸ਼ੁਰੂਆਤੀ ਜਾਂਚ ਪੰਜਾਬ ਪੁਲਿਸ ਨੇ ਕੀਤੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਪਾਕਿਸਤਾਨ ਵਿੱਚ ਬੈਠਾ ਸ਼ਹਿਜ਼ਾਦ ਭੱਟੀ ਟਿਕਟੌਕ, ਇੰਸਟਾਗ੍ਰਾਮ ਅਤੇ ਯੂਟਿਊਬ ਰਾਹੀਂ ਲਾਈਵ ਸਟ੍ਰੀਮਿੰਗ ਅਤੇ ਆਨਲਾਈਨ ਗਿਫ਼ਟਿੰਗ ਦੇ ਜ਼ਰੀਏ ਰੋਜਰ ਸੰਧੂ 'ਤੇ ਪੈਸੇ ਦੇਣ ਲਈ ਦਬਾਅ ਬਣਾ ਰਿਹਾ ਸੀ। ਇਨਕਾਰ ਕਰਨ 'ਤੇ ਉਸ ਨੇ ਆਪਣੇ ਭਾਰਤੀ ਨੈੱਟਵਰਕ ਰਾਹੀਂ ਗ੍ਰਨੇਡ ਹਮਲੇ ਦੀ ਸਾਜ਼ਿਸ਼ ਰਚੀ।ਐਨਆਈਏ ਦੀ ਜਾਂਚ ਵਿੱਚ ਖੁਲਾਸਾ ਹੋਇਆ ਕਿ ਸ਼ਹਿਜ਼ਾਦ ਭੱਟੀ ਪਾਕਿਸਤਾਨੀ ਮੋਬਾਈਲ ਨੰਬਰ ਤੋਂ ਇੱਕ ਵਟਸਐਪ ਗਰੁੱਪ ਚਲਾ ਰਿਹਾ ਸੀ, ਜਿਸ ਵਿੱਚ ਕਈ ਭਾਰਤੀ ਨੰਬਰ ਸ਼ਾਮਲ ਸਨ। ਏਜੰਸੀ ਦੇ ਮੁਤਾਬਕ ਇਸੇ ਗਰੁੱਪ ਰਾਹੀਂ ਹਮਲੇ ਦੀ ਯੋਜਨਾ ਤਿਆਰ ਕੀਤੀ ਗਈ ਅਤੇ ਦੋਸ਼ੀਆਂ ਵਿਚਾਲੇ ਤਾਲਮੇਲ ਕਰਵਾਇਆ ਗਿਆ।15 ਦਸੰਬਰ 2025 ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਤੋਂ ਬਾਅਦ ਐਨਆਈਏ ਨੇ ਮਾਮਲਾ ਆਪਣੇ ਹੱਥ ਵਿੱਚ ਲੈ ਕੇ ਮੁੜ ਜਾਂਚ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਪੰਜਾਬ ਪੁਲਿਸ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਸੀ ਅਤੇ 9 ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਚੁੱਕੀ ਸੀ। 2 ਅਪ੍ਰੈਲ 2026 ਨੂੰ ਐਨਆਈਏ ਨੇ ਵਿਸ਼ੇਸ਼ ਅਦਾਲਤ ਵਿੱਚ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕਰਕੇ ਸ਼ਹਿਜ਼ਾਦ ਭੱਟੀ ਅਤੇ ਦੀਪੇਂਦਰ ਪ੍ਰਤਾਪ ਸਿੰਘ ਉਰਫ਼ ਦੀਪਨ ਰਾਣਾ ਨੂੰ ਵੀ ਮੁਲਜ਼ਮ ਬਣਾਇਆ।ਜਾਂਚ ਏਜੰਸੀ ਅਨੁਸਾਰ ਭੱਟੀ ਨੇ ਆਪਣੇ ਭਾਰਤੀ ਸਾਥੀ ਹਾਰਦਿਕ ਕੰਬੋਜ ਨੂੰ ਜਲੰਧਰ ਭੇਜਿਆ ਸੀ, ਜਦਕਿ ਵਿਦੇਸ਼ ਵਿੱਚ ਬੈਠੇ ਮੁਹੰਮਦ ਜਸ਼ੀਰ ਅਖ਼ਤਰ ਉਰਫ਼ ਜੱਸੀ ਨਾਲ ਮਿਲ ਕੇ ਭਰਤੀ ਅਤੇ ਲੌਜਿਸਟਿਕਸ ਦਾ ਨੈੱਟਵਰਕ ਵੀ ਚਲਾਇਆ ਜਾ ਰਿਹਾ ਸੀ।ਐਨਆਈਏ ਨੇ ਅਦਾਲਤ ਵਿੱਚ ਪੰਜਾਬ ਪੁਲਿਸ ਦੀ ਰਿਪੋਰਟ ਵੀ ਪੇਸ਼ ਕੀਤੀ, ਜਿਸ ਅਨੁਸਾਰ ਸ਼ਹਿਜ਼ਾਦ ਭੱਟੀ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਅੱਤਵਾਦ, ਅਪਰਾਧਿਕ ਸਾਜ਼ਿਸ਼ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨਾਲ ਸਬੰਧਤ 15 ਤੋਂ ਵੱਧ ਕੇਸ ਦਰਜ ਹਨ। ਏਜੰਸੀ ਦਾ ਮੰਨਣਾ ਹੈ ਕਿ ਭੱਟੀ ਵਿਦੇਸ਼ੀ ਧਰਤੀ ਤੋਂ ਭਾਰਤ ਵਿਰੋਧੀ ਗੈਂਗਸਟਰ-ਅੱਤਵਾਦੀ ਨੈੱਟਵਰਕ ਚਲਾਉਣ ਵਾਲੇ ਵੱਡੇ ਸਿੰਡੀਕੇਟ ਦਾ ਹਿੱਸਾ ਹੈ। ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਤੋਂ ਬਾਅਦ ਹੁਣ ਐਨਆਈਏ ਉਸ ਖ਼ਿਲਾਫ਼ ਅੰਤਰਰਾਸ਼ਟਰੀ ਪੱਧਰ 'ਤੇ ਕਾਨੂੰਨੀ ਕਾਰਵਾਈ ਹੋਰ ਤੇਜ਼ ਕਰ ਸਕਦੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH