
ਕਪੂਰਥਲਾ, 28 ਜੁਲਾਈ (ਹਿੰ.ਸ.)| ਕਪੂਰਥਲਾ ਪੁਲਿਸ ਨੇ ਸ਼ਹਿਰ ਦੇ ਪੌਸ਼ ਇਲਾਕੇ ਸੰਨੀ ਸਾਈਡ ਵਿੱਚ ਬਜ਼ੁਰਗ ਜੋੜੇ ਨੂੰ ਬੰਦੀ ਬਣਾ ਕੇ ਲੁੱਟ ਕਰਨ ਦੇ ਮਾਮਲੇ ਦਾ ਪਰਦਾਫਾਸ਼ ਕਰ ਦਿੱਤਾ ਹੈ। ਪੁਲਿਸ ਨੇ ਮੁੱਖ ਦੋਸ਼ੀ ਪੇਂਟਰ ਰਣਜੀਤ ਸਿੰਘ ਅਤੇ ਉਸ ਦੀ ਪਤਨੀ ਹਰਜਿੰਦਰ ਕੌਰ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਦੇ ਕਬਜ਼ੇ ਵਿੱਚੋਂ ਲੁੱਟੇ ਗਏ ਗਹਿਣਿਆਂ ਵਿੱਚੋਂ 17 ਤੋਲੇ ਸੋਨਾ ਬਰਾਮਦ ਕੀਤਾ ਗਿਆ ਹੈ।
ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਪੀੜਤ ਪਵਨ ਕੁਮਾਰ ਸੰਨੀ ਸਾਈਡ ਮਾਲ ਰੋਡ ਦੇ ਰਹਿਣ ਵਾਲੇ ਹਨ। ਮੁਲਜ਼ਮ ਰਣਜੀਤ ਸਿੰਘ ਪਿਛਲੇ ਕਰੀਬ 20 ਦਿਨਾਂ ਤੋਂ ਉਨ੍ਹਾਂ ਦੇ ਘਰ ਵਿੱਚ ਪੇਂਟਿੰਗ ਦਾ ਕੰਮ ਕਰ ਰਿਹਾ ਸੀ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਘਰ ਵਿੱਚ ਕੰਮ ਕਰ ਚੁੱਕਾ ਸੀ, ਜਿਸ ਕਾਰਨ ਪਰਿਵਾਰ ਦਾ ਉਸ 'ਤੇ ਪੂਰਾ ਭਰੋਸਾ ਬਣ ਗਿਆ ਸੀ।
ਪੁਲਿਸ ਮੁਤਾਬਕ 8 ਜੁਲਾਈ ਨੂੰ ਦੁਪਹਿਰ ਕਰੀਬ 3 ਵਜੇ ਰਣਜੀਤ ਸਿੰਘ ਲੋਹੇ ਦੀ ਰਾਡ ਲੈ ਕੇ ਉਸ ਕਮਰੇ ਵਿੱਚ ਦਾਖ਼ਲ ਹੋਇਆ, ਜਿੱਥੇ ਪਵਨ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਮੌਜੂਦ ਸਨ। ਉਸ ਨੇ ਦੋਵਾਂ ਦੇ ਮੋਬਾਈਲ ਫੋਨ ਖੋਹ ਲਏ ਅਤੇ ਪਵਨ ਕੁਮਾਰ 'ਤੇ ਰਾਡ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਜਦੋਂ ਉਨ੍ਹਾਂ ਦੀ ਪਤਨੀ ਨੇ ਵਿਰੋਧ ਕੀਤਾ ਤਾਂ ਦੋਸ਼ੀ ਨੇ ਆਪਣੇ ਬੈਗ ਵਿੱਚੋਂ ਰਿਵਾਲਵਰ ਕੱਢ ਕੇ ਗੋਲੀ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਉਸ ਨੇ ਬਜ਼ੁਰਗ ਜੋੜੇ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਘਰ ਵਿੱਚ ਲੁੱਟਪਾਟ ਕੀਤੀ।
ਸ਼ਾਮ ਕਰੀਬ 8 ਵਜੇ ਜਦੋਂ ਪਵਨ ਕੁਮਾਰ ਦਾ ਪੁੱਤਰ ਰੋਹਿਤ ਅਤੇ ਪੋਤਾ ਘਰ ਪਹੁੰਚੇ ਤਾਂ ਉਨ੍ਹਾਂ ਨੇ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਦੋਵਾਂ ਨੂੰ ਬਾਹਰ ਕੱਢਿਆ। ਘਰ ਦੀ ਅਲਮਾਰੀ ਟੁੱਟੀ ਹੋਈ ਸੀ ਅਤੇ ਸਾਰਾ ਸਮਾਨ ਖਿਲਰਿਆ ਪਿਆ ਸੀ। ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਉਪਰੰਤ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰਦਿਆਂ ਮਾਮਲਾ ਦਰਜ ਕੀਤਾ।
ਸ਼ਿਕਾਇਤ ਅਨੁਸਾਰ ਦੋਸ਼ੀ ਕਰੀਬ 35 ਤੋਲੇ ਸੋਨੇ ਦੇ ਗਹਿਣੇ, ਜਿਨ੍ਹਾਂ ਵਿੱਚ ਸੋਨੇ ਅਤੇ ਹੀਰਿਆਂ ਦੇ ਕੰਗਣ, ਚੂੜੀਆਂ, ਅੰਗੂਠੀਆਂ, ਜੁਐਲਰੀ ਸੈੱਟ, ਚਾਂਦੀ ਦੀਆਂ ਪੰਜੇਬਾਂ ਅਤੇ ਘੜੀਆਂ ਸ਼ਾਮਲ ਸਨ, ਲੁੱਟ ਕੇ ਫਰਾਰ ਹੋ ਗਿਆ ਸੀ। ਇਸ ਤੋਂ ਇਲਾਵਾ 2.50 ਲੱਖ ਰੁਪਏ ਦੀ ਨਕਦੀ ਅਤੇ ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ ਅਤੇ ਏਟੀਐਮ ਕਾਰਡ ਵਰਗੇ ਅਹਿਮ ਦਸਤਾਵੇਜ਼ ਵੀ ਲੈ ਗਿਆ ਸੀ। ਦੋਸ਼ੀ ਨੇ ਵਾਰਦਾਤ ਤੋਂ ਬਾਅਦ ਪੀੜਤ ਦੇ ਪੁੱਤਰ ਨੂੰ ਵੌਇਸ ਮੈਸੇਜ ਭੇਜ ਕੇ ਧਮਕੀਆਂ ਵੀ ਦਿੱਤੀਆਂ।
ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ। ਇਸ ਦੌਰਾਨ ਲੁੱਟੇ ਗਏ ਬਾਕੀ ਸਮਾਨ ਦੀ ਬਰਾਮਦਗੀ ਅਤੇ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH