
ਮੋਹਾਲੀ, 03 ਜੁਲਾਈ (ਹਿੰ.ਸ.)| ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵੱਲੋਂ ਫਰਮ ਬੈਸਟ ਟਰੈਵਲ ਏਜੰਸੀ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਫਰਮ ਬੈਸਟ ਟਰੈਵਲ ਏਜੰਸੀ ਕਮਰੀਸ਼ੀਅਲ ਯੂਨਿਟ ਨੰ: ਐਫ6-029, ਛੇਵੀਂ ਮੰਜ਼ਿਲ, ਟੀ.ਡੀ.ਆਈ. ਬਿਜ਼ਨਸ ਸੈਂਟਰ, ਸੈਕਟਰ 118, ਮੋਹਾਲੀ ਦੀ ਮਾਲਕ ਰੁਪਿੰਦਰ ਕੌਰ, ਪੁੱਤਰੀ ਰਾਜ ਸਿੰਘ ਵਾਸੀ ਪਿੰਡ, ਖੇੜੀ ਨਾਗਾਹੀਆਂ , ਜ਼ਿਲ੍ਹਾ ਪਟਿਆਲਾ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰ:743/ਆਈ.ਸੀ. ਮਿਤੀ 18.12.2024 ਜਾਰੀ ਕੀਤਾ ਗਿਆ ਸੀ,ਜਿਸ ਦੀ ਮਿਆਦ 17.12.2029 ਤੱਕ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਮੈਜਿਸਟਰੇਟ ਗੀਤਿਕਾ ਸਿੰਘ ਨੇ ਦੱਸਿਆ ਕਿ ਫਰਮ ਦੀ ਮਾਲਕ ਰੁਪਿੰਦਰ ਕੌਰ ਖ਼ਿਲਾਫ਼ ਵਿਦੇਸ਼ ਮੰਤਰਾਲੇ ਤੋਂ ਪ੍ਰਾਪਤ ਸ਼ਿਕਾਇਤ, ਉਪਲਬਧ ਦਸਤਾਵੇਜ਼ਾਂ, ਪੁਲਿਸ ਰਿਕਾਰਡ ਅਤੇ ਹੋਰ ਤੱਥਾਂ ਦੀ ਪੜਤਾਲ ਦੌਰਾਨ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਅਤੇ ਇਸ ਅਧੀਨ ਬਣਾਏ ਨਿਯਮਾਂ ਦੀ ਉਲੰਘਣਾ ਸਾਹਮਣੇ ਆਈ ਹੈ।
ਉਨ੍ਹਾਂ ਦੱਸਿਆ ਕਿ ਫਰਮ ਨੂੰ ਕਈ ਵਾਰ ਨੋਟਿਸ ਜਾਰੀ ਕਰਕੇ ਆਪਣਾ ਸਪੱਸ਼ਟੀਕਰਨ, ਮਹੀਨਾਵਾਰ ਸਵੈ-ਘੋਸ਼ਣਾ ਰਿਪੋਰਟਾਂ ਅਤੇ ਹੋਰ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਸੀ, ਪਰੰਤੂ ਫਰਮ ਵੱਲੋਂ ਨਿਰਧਾਰਿਤ ਸਮੇਂ ਅੰਦਰ ਕੋਈ ਵੀ ਜਵਾਬ ਜਾਂ ਦਸਤਾਵੇਜ਼ ਪੇਸ਼ ਨਹੀਂ ਕੀਤੇ ਗਏ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਉਕਤ ਤੱਥਾਂ ਦੇ ਸਨਮੁੱਖ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ, 2012 ਦੀ ਧਾਰਾ 6 (1) (ਈ) ਅਤੇ ਨਿਯਮ 4 (1) (iv) ਦੇ ਉਪਬੰਧਾਂ ਤਹਿਤ ਫਰਮ ਬੈਸਟ ਟਰੈਵਲ ਏਜੰਸੀ ਨੂੰ ਜਾਰੀ ਲਾਇਸੰਸ ਨੰ:743/ਆਈ.ਸੀ. ਮਿਤੀ 18.12.2024 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH