
ਚੰਡੀਗੜ੍ਹ, 03 ਜੁਲਾਈ (ਹਿੰ.ਸ.)| ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਵਿੱਚ ਸ਼ੁੱਕਰਵਾਰ ਸਵੇਰੇ ਮਾਰਨਿੰਗ ਵਾਕ ‘ਤੇ ਨਿਕਲੀ ਇੱਕ ਪ੍ਰਾਪਰਟੀ ਕਾਰੋਬਾਰੀ ਦੀ ਪਤਨੀ ਨੂੰ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਆਪਣੀ ਸਹੇਲੀ ਨਾਲ ਸੈਰ ਕਰ ਰਹੀ ਸੀ। ਜਾਣਕਾਰੀ ਅਨੁਸਾਰ ਹਰਪ੍ਰੀਤ ਕੌਰ (53) ਆਪਣੀ ਸਹੇਲੀ ਪ੍ਰੀਤੀ (50) ਨਾਲ ਸਵੇਰੇ ਕਰੀਬ 6 ਵਜੇ ਸੈਰ ਲਈ ਨਿਕਲੀ ਸੀ। ਇਸ ਦੌਰਾਨ ਪਿੱਛੋਂ ਆ ਰਹੀ ਸਵਿਫਟ ਡਿਜ਼ਾਇਰ ਕਾਰ ਨੇ ਦੋਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਔਰਤਾਂ ਸੜਕ ‘ਤੇ ਡਿੱਗ ਪਈਆਂ। ਸਹੇਲੀ ਨੂੰ ਵੀ ਚੋਟਾਂ ਲੱਗੀਆਂ, ਜਦਕਿ ਹਰਪ੍ਰੀਤ ਕੌਰ ਗੰਭੀਰ ਜ਼ਖਮੀ ਹੋ ਗਈ।ਪ੍ਰਤੱਖਦਰਸ਼ੀਆਂ ਦੇ ਅਨੁਸਾਰ ਕਾਰ ਚਾਲਕ ਨੇ ਹਾਦਸੇ ਤੋਂ ਬਾਅਦ ਗੱਡੀ ਨਹੀਂ ਰੋਕੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹਰਪ੍ਰੀਤ ਕੌਰ ਦੇ ਸਿਰ ਅਤੇ ਛਾਤੀ ‘ਤੇ ਗੰਭੀਰ ਚੋਟਾਂ ਆਈਆਂ। ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦਕਿ ਉਸ ਦੀ ਸਹੇਲੀ ਦਾ ਇਲਾਜ ਜਾਰੀ ਹੈ। ਪੂਰੀ ਘਟਨਾ ਨੇੜਲੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਕਾਰ ਨੂੰ ਟੱਕਰ ਮਾਰਣ ਤੋਂ ਬਾਅਦ ਨਾ ਰੁਕਦੇ ਹੋਏ ਭੱਜਦੇ ਹੋਏ ਵੀ ਵੇਖਿਆ ਜਾ ਸਕਦਾ ਹੈ। ਪੁਲਿਸ ਸੀਸੀਟੀਵੀ ਦੇ ਆਧਾਰ ‘ਤੇ ਕਾਰ ਚਾਲਕ ਦੀ ਪਹਿਚਾਣ ਕਰਨ ਵਿੱਚ ਲੱਗੀ ਹੋਈ ਹੈ।ਮ੍ਰਿਤਕਾ ਹਰਪ੍ਰੀਤ ਕੌਰ ਮਾਡਲ ਟਾਊਨ, ਚਾਰ ਖੰਭਾ ਚੌਕ ਦੀ ਰਹਿਣ ਵਾਲੀ ਸੀ। ਪਰਿਵਾਰ ਮੁਤਾਬਕ ਉਹ ਪ੍ਰਾਪਰਟੀ ਕਾਰੋਬਾਰੀ ਦੀ ਪਤਨੀ ਸੀ ਅਤੇ ਉਸ ਦੀ ਇੱਕ ਧੀ ਹੈ, ਜਿਸ ਦੀ ਹਾਲ ਹੀ ਵਿੱਚ ਸ਼ਾਦੀ ਹੋਈ ਸੀ। ਥਾਣਾ ਮਾਡਲ ਟਾਊਨ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਐਸਐਚਓ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਸੀਸੀਟੀਵੀ ਦੇ ਆਧਾਰ ‘ਤੇ ਮੁਲਜ਼ਮ ਦੀ ਪਛਾਣ ਕਰਕੇ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਜਲਦ ਗ੍ਰਿਫ਼ਤਾਰੀ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH