
ਚੰਡੀਗੜ੍ਹ, 03 ਜੁਲਾਈ (ਹਿੰ.ਸ.)| ਅੰਮ੍ਰਿਤਸਰ ਜ਼ਿਲ੍ਹੇ ਦੇ ਬਿਆਸ ਨੇੜਲੇ ਪਿੰਡ ਬੁੱਢਾ ਥੇ ਦੇ ਰਹਿਣ ਵਾਲੇ ਨੌਜਵਾਨ ਦੀ ਜਰਮਨੀ ਵਿੱਚ ਇੱਕ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਸ਼ਿਨਾਖਤ 18 ਸਾਲ ਦੇ ਨੌਜਵਾਨ ਹਰਸ਼ਪ੍ਰੀਤ ਸਿੰਘ ਵੱਜੋਂ ਹੋਈ ਹੈ। ਇਸ ਘਟਨਾ ਨੇ ਪਰਿਵਾਰ ਅਤੇ ਪੂਰੇ ਪਿੰਡ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ। ਜਾਣਕਾਰੀ ਅਨੁਸਾਰ ਹਰਸ਼ਪ੍ਰੀਤ ਸਿੰਘ ਦੇ ਪਿਤਾ ਪਿਛਲੇ ਕਰੀਬ ਸੱਤ ਸਾਲਾਂ ਤੋਂ ਜਰਮਨੀ ਵਿੱਚ ਰਹਿ ਰਹੇ ਹਨ ਅਤੇ ਉੱਥੇ ਕੰਮ ਕਰਦੇ ਹਨ। ਲਗਭਗ ਇੱਕ ਸਾਲ ਪਹਿਲਾਂ ਹਰਸ਼ਪ੍ਰੀਤ ਵੀ ਵੀਜ਼ਾ ਮਿਲਣ ਤੋਂ ਬਾਅਦ ਆਪਣੇ ਪਿਤਾ ਨੂੰ ਮਿਲਣ ਜਰਮਨੀ ਗਿਆ ਸੀ।ਦੋਸਤਾਂ ਨਾਲ ਝੀਲ ‘ਤੇ ਘੁੰਮਣ ਅਤੇ ਨ੍ਹਾਉਣ ਗਏ ਹਰਸ਼ਪ੍ਰੀਤ ਨਾਲ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਗਹਿਰੇ ਪਾਣੀ ਵਿੱਚ ਚਲਾ ਗਿਆ ਅਤੇ ਡੁੱਬ ਗਿਆ। ਦੋਸਤਾਂ ਅਤੇ ਸਥਾਨਕ ਲੋਕਾਂ ਵੱਲੋਂ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਉਸ ਦੀ ਜਾਨ ਨਹੀਂ ਬਚ ਸਕੀ।ਪਰਿਵਾਰ ਨੇ ਦੱਸਿਆ ਕਿ ਹਰਸ਼ਪ੍ਰੀਤ ਘਰ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਤੋਂ ਬਹੁਤ ਉਮੀਦਾਂ ਸਨ। ਇਸ ਅਚਾਨਕ ਮੌਤ ਨਾਲ ਮਾਂ ਅਤੇ ਪਰਿਵਾਰ ਦਾ ਬੁਰਾ ਹਾਲ ਹੈ।ਗਮ ਵਿੱਚ ਡੁੱਬੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਤੁਰੰਤ ਦਖਲ ਦਿੱਤਾ ਜਾਵੇ। ਪਰਿਵਾਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਬੇਨਤੀ ਕੀਤੀ ਹੈ ਕਿ ਸਾਰੀਆਂ ਅੰਤਰਰਾਸ਼ਟਰੀ ਕਾਰਵਾਈਆਂ ਜਲਦੀ ਪੂਰੀਆਂ ਕਰਵਾਈਆਂ ਜਾਣ ਤਾਂ ਜੋ ਪਾਰਥਿਵ ਦੇਹ ਨੂੰ ਭਾਰਤ ਲਿਆ ਕੇ ਅੰਤਿਮ ਸੰਸਕਾਰ ਕੀਤਾ ਜਾ ਸਕੇ। ਪਿੰਡ ਵਿੱਚ ਸੋਗ ਦਾ ਮਾਹੌਲ ਹੈ ਅਤੇ ਲੋਕ ਪਰਿਵਾਰ ਦੇ ਨਾਲ ਡੂੰਘੀ ਸੰਵੇਦਨਾ ਜ਼ਾਹਰ ਕਰ ਰਹੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH