
ਚੰਡੀਗੜ੍ਹ, 03 ਜੁਲਾਈ (ਹਿੰ.ਸ.)| ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਮਗਸੀਪਾ ਵਿਖੇ ਇਨਵੈਸਟ ਪੰਜਾਬ, ਪੰਜਾਬ ਐਗਰੋ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬ ਅਤੇ ਉਜ਼ਬੇਕਿਸਤਾਨ ਗਣਰਾਜ ਵਿਚਕਾਰ ਵਪਾਰ ਅਤੇ ਨਿਵੇਸ਼ ਦੇ ਮੌਕਿਆਂ ‘ਤੇ ਵਿਆਪਕ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਜ਼ਬੇਕਿਸਤਾਨ ਸਰਕਾਰ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰ ਰਹੀ ਹੈ, ਜਿਸ ਕਾਰਨ ਪੰਜਾਬ ਦੇ ਉਤਪਾਦਾਂ ਲਈ ਉੱਥੇ ਨਵਾਂ ਬਾਜ਼ਾਰ ਬਣ ਸਕਦਾ ਹੈ। ਹਾਲਾਂਕਿ, ਪੰਜਾਬੀ ਉਤਪਾਦਾਂ ਦੀ ਉਜ਼ਬੇਕ ਬਾਜ਼ਾਰ ਵਿੱਚ ਅਨੁਕੂਲਤਾ ਜਾਣਚਣ ਲਈ ਪਹਿਲਾਂ ਵਿਸਥਾਰਪੂਰਵਕ ਮਾਰਕੀਟ ਸਰਵੇਖਣ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ।
ਚਰਚਾ ਦੌਰਾਨ ਖੁਰਾਕ ਖੇਤਰ ਨੂੰ ਉਜ਼ਬੇਕਿਸਤਾਨ ਵਿੱਚ ਪੰਜਾਬ ਲਈ ਇੱਕ ਮਹੱਤਵਪੂਰਨ ਸ਼ੁਰੂਆਤੀ ਖੇਤਰ ਵਜੋਂ ਪਛਾਣਿਆ ਗਿਆ। ਉਜ਼ਬੇਕਿਸਤਾਨ ਵਿੱਚ ਵੱਡੀ ਭਾਰਤੀ ਵਿਦਿਆਰਥੀ ਸੰਖਿਆ ਅਤੇ ਕੁਦਰਤੀ ਸੰਸਾਧਨਾਂ ਦੀ ਉਪਲਬਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਲੰਬੇ ਸਮੇਂ ਦੀ ਆਰਥਿਕ ਸਾਂਝ ਦੀ ਸੰਭਾਵਨਾ ‘ਤੇ ਵੀ ਵਿਚਾਰ ਕੀਤਾ ਗਿਆ।
ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਬਾਸਮਤੀ ਚੌਲ, ਖੇਤੀ ਮਸ਼ੀਨਰੀ, ਟਰੈਕਟਰ, ਮਸਾਲੇ, ਸਰੋਂ ਦਾ ਤੇਲ, ਦੇਸੀ ਘਿਉ, ਦੁੱਧ ਉਤਪਾਦ, ਤੁਪਕਾ ਸਿੰਚਾਈ ਤਕਨੀਕਾਂ ਅਤੇ ਨਵਿਆਉਣਯੋਗ ਊਰਜਾ ਸਮੇਤ ਕਈ ਉਤਪਾਦਾਂ ਦੇ ਨਿਰਯਾਤ ਦੀ ਸੰਭਾਵਨਾ ਉਜਾਗਰ ਕੀਤੀ। ਉਨ੍ਹਾਂ ਕਿਹਾ ਕਿ ਪ੍ਰੋਸੈਸਡ ਫੂਡ ਦਾ ਨਿਰਯਾਤ ਖਾਸ ਤੌਰ ‘ਤੇ ਮਹੱਤਵਪੂਰਨ ਹੋ ਸਕਦਾ ਹੈ ਕਿਉਂਕਿ ਉਜ਼ਬੇਕਿਸਤਾਨ ਵਿੱਚ ਕੱਚਾ ਮਾਲ ਤਾਂ ਮੌਜੂਦ ਹੈ ਪਰ ਕੋਲਡ ਸਟੋਰੇਜ ਸਹੂਲਤਾਂ ਸੀਮਿਤ ਹਨ।
ਮੀਟਿੰਗ ਦੌਰਾਨ ਨਿਰਯਾਤ ਲਈ ਲਾਜਿਸਟਿਕਸ ਅਤੇ ਡਿਸਚਾਰਜ ਪੋਰਟ ਦੇ ਵਿਕਲਪਾਂ ‘ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਵੀਡੀਓ ਕਾਨਫਰੰਸ ਰਾਹੀਂ ਤਾਸ਼ਕੰਦ ਤੋਂ ਸ਼ਾਮਲ ਏ.ਆਈ. ਮਾਹਿਰ ਯੋਗੇਸ਼ ਕੁਮਾਰ ਨੇ ਕਿਹਾ ਕਿ ਮੱਧ ਏਸ਼ੀਆਈ ਬਾਜ਼ਾਰ ਪੰਜਾਬ ਲਈ ਇੱਕ ਨਵਾਂ ਅਤੇ ਉਮੀਦਭਰਿਆ ਮੌਕਾ ਹੈ, ਜਿੱਥੇ ਡਿਜੀਟਲ ਅਤੇ ਆਰਥਿਕ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH