
ਚੰਡੀਗੜ੍ਹ, 03 ਜੁਲਾਈ (ਹਿੰ.ਸ.)| ਚੰਡੀਗੜ੍ਹ ਪ੍ਰਸ਼ਾਸਨ ਨੇ ਕੇਂਦਰ ਸਰਕਾਰ ਦੇ ਚਾਰ ਨਵੇਂ ਲੇਬਰ ਕੋਡ ਨੂੰ ਲਾਗੂ ਕਰਨ ਵੱਲ ਵੱਡਾ ਕਦਮ ਚੁੱਕਿਆ ਹੈ। ਇਸ ਤਹਿਤ ਕਿਰਤ ਵਿਭਾਗ ਵੱਲੋਂ ਇਨ੍ਹਾਂ ਕੋਡਾਂ ਦੇ ਡਰਾਫਟ ਨਿਯਮ ਜਨਤਕ ਕਰ ਦਿੱਤੇ ਗਏ ਹਨ ਅਤੇ ਲੋਕਾਂ ਤੋਂ ਇੱਕ ਮਹੀਨੇ ਅੰਦਰ ਸੁਝਾਅ ਤੇ ਐਤਰਾਜ਼ ਮੰਗੇ ਗਏ ਹਨ।
ਕਿਰਤ ਵਿਭਾਗ ਨੇ ਇਹ ਡਰਾਫਟ ਨਿਯਮ ਆਪਣੀ ਅਧਿਕਾਰਿਕ ਵੈੱਬਸਾਈਟ ‘ਤੇ ਵੀ ਅਪਲੋਡ ਕੀਤੇ ਹਨ, ਤਾਂ ਜੋ ਉਦਯੋਗਪਤੀ, ਟਰੇਡ ਯੂਨੀਅਨ, ਕੰਪਨੀਆਂ ਅਤੇ ਆਮ ਨਾਗਰਿਕ ਇਨ੍ਹਾਂ ਨੂੰ ਪੜ੍ਹ ਕੇ ਆਪਣੇ ਸੁਝਾਅ ਦਰਜ ਕਰ ਸਕਣ। ਪ੍ਰਸ਼ਾਸਨ ਨੇ ਕਿਹਾ ਹੈ ਕਿ ਸਾਰੇ ਹਿੱਸੇਦਾਰਾਂ ਦੀ ਰਾਏ ਦੇ ਆਧਾਰ ‘ਤੇ ਹੀ ਅੰਤਿਮ ਨਿਯਮ ਤਿਆਰ ਕੀਤੇ ਜਾਣਗੇ।
ਜਿਨ੍ਹਾਂ ਚਾਰ ਲੇਬਰ ਕੋਡਾਂ ਲਈ ਡਰਾਫਟ ਨਿਯਮ ਜਾਰੀ ਕੀਤੇ ਗਏ ਹਨ, ਉਹ ਹਨ—ਕੋਡ ਆਨ ਵੇਜਸ 2019, ਇੰਡਸਟਰੀਅਲ ਰਿਲੇਸ਼ਨਜ਼ ਕੋਡ 2020, ਕੋਡ ਆਨ ਸੋਸ਼ਲ ਸਿਕਿਊਰਿਟੀ 2020 ਅਤੇ ਆਕਿਊਪੇਸ਼ਨਲ ਸੇਫਟੀ, ਹੈਲਥ ਐਂਡ ਵਰਕਿੰਗ ਕੰਡੀਸ਼ਨਜ਼ ਕੋਡ 2020।
ਇਨ੍ਹਾਂ ਨਵੇਂ ਨਿਯਮਾਂ ਦੇ ਲਾਗੂ ਹੋਣ ਨਾਲ ਤਨਖਾਹ, ਰੁਜ਼ਗਾਰ, ਸਮਾਜਿਕ ਸੁਰੱਖਿਆ ਅਤੇ ਕੰਮਕਾਜੀ ਥਾਵਾਂ ਦੀ ਸੁਰੱਖਿਆ ਨਾਲ ਜੁੜੇ ਕਈ ਮੌਜੂਦਾ ਪ੍ਰਬੰਧਾਂ ਵਿੱਚ ਵੱਡੇ ਬਦਲਾਅ ਆ ਸਕਦੇ ਹਨ।
ਚੰਡੀਗੜ੍ਹ ਪ੍ਰਸ਼ਾਸਨ ਨੇ ਸੁਝਾਅ ਅਤੇ ਐਤਰਾਜ਼ ਦਰਜ ਕਰਾਉਣ ਲਈ ਸਮਾਂ ਸੀਮਾ ਵੀ ਨਿਰਧਾਰਤ ਕੀਤੀ ਹੈ, ਜਿਸ ਅਨੁਸਾਰ ਕੋਡ ਆਨ ਵੇਜਸ ਅਤੇ ਇੰਡਸਟਰੀਅਲ ਰਿਲੇਸ਼ਨਜ਼ ਕੋਡ ਬਾਰੇ 30 ਦਿਨਾਂ ਅੰਦਰ ਫੀਡਬੈਕ ਦਿੱਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH