ਜ਼ੀਰਕਪੁਰ ਵਿੱਚ ਸਿੰਗਲ ਯੂਜ਼ ਪਲਾਸਟਿਕ ਖ਼ਿਲਾਫ਼ ਸਾਂਝੀ ਐਨਫੋਰਸਮੈਂਟ ਮੁਹਿੰਮ
88 ਕਿਲੋ ਪਾਬੰਦੀਸ਼ੁਦਾ ਪਲਾਸਟਿਕ ਜ਼ਬਤ, 61 ਹਜ਼ਾਰ ਰੁਪਏ ਵਾਤਾਵਰਣ ਮੁਆਵਜ਼ਾ ਲਗਾਇਆ ਜ਼ੀਰਕਪੁਰ , 03 ਜੁਲਾਈ (ਹਿੰ.ਸ.)| ਜ਼ੀਰਕਪੁਰ ਵਿੱਚ ਅੱਜ ਪਾਬੰਦੀਸ਼ੁਦਾ ਸਿੰਗਲ ਯੂਜ਼ ਪਲਾਸਟਿਕ (ਐਸ.ਯੂ.ਪੀ.) ਦੀ ਵਰਤੋਂ ਵਿਰੁੱਧ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.), ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ
ਦੁਕਾਨਾਂ ਦੀ ਚੈਕਿੰਗ ਕਰਦੇ ਹੋਏ ਮੁਲਾਜ਼ਮ।


88 ਕਿਲੋ ਪਾਬੰਦੀਸ਼ੁਦਾ ਪਲਾਸਟਿਕ ਜ਼ਬਤ, 61 ਹਜ਼ਾਰ ਰੁਪਏ ਵਾਤਾਵਰਣ ਮੁਆਵਜ਼ਾ ਲਗਾਇਆ

ਜ਼ੀਰਕਪੁਰ , 03 ਜੁਲਾਈ (ਹਿੰ.ਸ.)| ਜ਼ੀਰਕਪੁਰ ਵਿੱਚ ਅੱਜ ਪਾਬੰਦੀਸ਼ੁਦਾ ਸਿੰਗਲ ਯੂਜ਼ ਪਲਾਸਟਿਕ (ਐਸ.ਯੂ.ਪੀ.) ਦੀ ਵਰਤੋਂ ਵਿਰੁੱਧ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.), ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.), ਨਗਰ ਕੌਂਸਲ ਜ਼ੀਰਕਪੁਰ ਅਤੇ ਨਗਰ ਨਿਗਮ ਮੋਹਾਲੀ ਦੀ ਐਨਫੋਰਸਮੈਂਟ ਟੀਮ ਵੱਲੋਂ ਸਾਂਝੀ ਕਾਰਵਾਈ ਕੀਤੀ ਗਈ।

ਇਸ ਮੁਹਿੰਮ ਦੀ ਅਗਵਾਈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਇੰਟਿਸਟ 'ਬੀ' ਆਕਾਸ਼ ਮਿਸ਼ਰਾ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉਪ ਮੰਡਲ ਅਫ਼ਸਰ (ਐਸ.ਡੀ.ਓ.) ਅਤੁਲ ਸ਼ਰਮਾ ਅਤੇ ਨਗਰ ਕੌਂਸਲ ਜ਼ੀਰਕਪੁਰ ਦੇ ਸੈਨੇਟਰੀ ਇੰਸਪੈਕਟਰ ਮਨੋਜ ਕੁਮਾਰ ਨੇ ਨਗਰ ਨਿਗਮ ਮੋਹਾਲੀ ਦੀ ਐਨਫੋਰਸਮੈਂਟ ਟੀਮ ਦੇ ਸਹਿਯੋਗ ਨਾਲ ਕੀਤੀ।

ਮੁਹਿੰਮ ਦੌਰਾਨ ਵਪਾਰਕ ਅਦਾਰਿਆਂ ਅਤੇ ਆਮ ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕ 'ਤੇ ਲੱਗੀ ਪਾਬੰਦੀ ਬਾਰੇ ਜਾਗਰੂਕ ਕੀਤਾ ਗਿਆ ਅਤੇ ਵਾਤਾਵਰਣ ਅਨੁਕੂਲ ਵਿਕਲਪਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ ਹੀ ਪਾਬੰਦੀ ਦੀ ਪਾਲਣਾ ਯਕੀਨੀ ਬਣਾਉਣ ਲਈ ਵੱਖ-ਵੱਖ ਥਾਵਾਂ 'ਤੇ ਜਾਂਚ ਵੀ ਕੀਤੀ ਗਈ।

ਕਾਰਵਾਈ ਦੌਰਾਨ ਲਗਭਗ 88 ਕਿਲੋਗ੍ਰਾਮ ਪਾਬੰਦੀਸ਼ੁਦਾ ਸਿੰਗਲ ਯੂਜ਼ ਪਲਾਸਟਿਕ ਜ਼ਬਤ ਕੀਤਾ ਗਿਆ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਕਰੀਬ 61 ਹਜ਼ਾਰ ਰੁਪਏ ਵਾਤਾਵਰਣ ਮੁਆਵਜ਼ਾ ਵਸੂਲਿਆ ਗਿਆ।

ਐਨਫੋਰਸਮੈਂਟ ਟੀਮ ਨੇ ਸਮੂਹ ਨਾਗਰਿਕਾਂ, ਦੁਕਾਨਦਾਰਾਂ ਅਤੇ ਵਪਾਰਕ ਅਦਾਰਿਆਂ ਨੂੰ ਅਪੀਲ ਕੀਤੀ ਕਿ ਉਹ ਸਿੰਗਲ ਯੂਜ਼ ਪਲਾਸਟਿਕ 'ਤੇ ਲੱਗੀ ਪਾਬੰਦੀ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਜ਼ੀਰਕਪੁਰ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਪਲਾਸਟਿਕ ਮੁਕਤ ਬਣਾਉਣ ਲਈ ਆਪਣਾ ਯੋਗਦਾਨ ਪਾਉਣ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande