ਪਠਾਨਕੋਟ 'ਚ ਪਾਣੀ ਨਾਲ ਭਰੇ ਅੰਡਰਪਾਸ ਵਿੱਚ ਫਸੀ ਸ਼ਰਧਾਲੂਆਂ ਦੀ ਬੱਸ,ਐੱਸਐੱਸਐੱਫ ਨੇ 55 ਯਾਤਰੀ ਸੁਰੱਖਿਅਤ ਬਚਾਏ
ਪਠਾਨਕੋਟ, 03 ਜੁਲਾਈ (ਹਿੰ.ਸ.)| ਜਲੰਧਰ-ਜੰਮੂ ਨੈਸ਼ਨਲ ਹਾਈਵੇ-44 ''ਤੇ ਸੁਜਾਨਪੁਰ ਨੇੜੇ ਦੇਰ ਰਾਤ ਭਾਰੀ ਮੀਂਹ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ। ਮੀਂਹ ਦੇ ਚਲਦਿਆਂ ਰੇਲਵੇ ਅੰਡਰਪਾਸ (ਪੁਲ ਨੰਬਰ-3) ਹੇਠ ਅਚਾਨਕ ਪਾਣੀ ਭਰ ਗਿਆ, ਜਿਸ ਕਾਰਨ ਦੇਹਰਾਦੂਨ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੀ ਸ਼ਰ
ਅੰਡਰਪਾਸ ਵਿੱਚ ਫਸੀ ਬੱਸ


ਪਠਾਨਕੋਟ, 03 ਜੁਲਾਈ (ਹਿੰ.ਸ.)| ਜਲੰਧਰ-ਜੰਮੂ ਨੈਸ਼ਨਲ ਹਾਈਵੇ-44 'ਤੇ ਸੁਜਾਨਪੁਰ ਨੇੜੇ ਦੇਰ ਰਾਤ ਭਾਰੀ ਮੀਂਹ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ। ਮੀਂਹ ਦੇ ਚਲਦਿਆਂ ਰੇਲਵੇ ਅੰਡਰਪਾਸ (ਪੁਲ ਨੰਬਰ-3) ਹੇਠ ਅਚਾਨਕ ਪਾਣੀ ਭਰ ਗਿਆ, ਜਿਸ ਕਾਰਨ ਦੇਹਰਾਦੂਨ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਇੱਕ ਟੂਰਿਸਟ ਬੱਸ ਪਾਣੀ ਦੇ ਵਿਚਕਾਰ ਫਸ ਗਈ।

ਬੱਸ ਵਿੱਚ 13 ਬੱਚਿਆਂ ਸਮੇਤ ਕੁੱਲ 55 ਯਾਤਰੀ ਸਵਾਰ ਸਨ। ਪਾਣੀ ਦਾ ਪੱਧਰ ਵਧਦਾ ਦੇਖ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ, ਸੁਜਾਨਪੁਰ ਪੁਲਿਸ ਅਤੇ ਸਥਾਨਕ ਨੌਜਵਾਨਾਂ ਨੇ ਸਾਂਝਾ ਰੈਸਕਿਊ ਆਪਰੇਸ਼ਨ ਚਲਾਇਆ ਅਤੇ ਸਾਰੇ 55 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਸ਼ਰਧਾਲੂ ਰਿਤਿਕਾ ਨੇ ਦੱਸਿਆ ਕਿ ਉਹ ਦੇਹਰਾਦੂਨ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸਨ, ਪਰ ਰਸਤੇ ਵਿੱਚ ਬੱਸ ਪਾਣੀ ਵਿੱਚ ਫਸ ਗਈ। ਉਨ੍ਹਾਂ ਕਿਹਾ ਕਿ ਐੱਸਐੱਸਐੱਫ ਅਤੇ ਪੁਲਿਸ ਦੇ ਜਵਾਨਾਂ ਨੇ ਦੇਵਦੂਤ ਬਣ ਕੇ ਉਨ੍ਹਾਂ ਦੀ ਜਾਨ ਬਚਾਈ ਅਤੇ ਸੁਰੱਖਿਅਤ ਥਾਂ ਤੱਕ ਪਹੁੰਚਾਇਆ।

ਯਾਤਰੀਆਂ ਨੇ ਤੁਰੰਤ ਕੰਟਰੋਲ ਰੂਮ ਨਾਲ ਸੰਪਰਕ ਕਰਕੇ ਰਾਤ 1:53 ਵਜੇ ਘਟਨਾ ਦੀ ਸੂਚਨਾ ਦਿੱਤੀ। ਸੜਕ ਸੁਰੱਖਿਆ ਫੋਰਸ ਦੀ ਟੀਮ ਸਿਰਫ਼ 6 ਮਿੰਟਾਂ ਵਿੱਚ, ਰਾਤ 1:59 ਵਜੇ ਮੌਕੇ 'ਤੇ ਪਹੁੰਚ ਗਈ। ਸੁਜਾਨਪੁਰ ਥਾਣਾ ਮੁਖੀ ਅਰੁਣ ਸ਼ਰਮਾ ਵੀ ਪੁਲਿਸ ਪਾਰਟੀ ਸਮੇਤ ਤੁਰੰਤ ਮੌਕੇ 'ਤੇ ਪਹੁੰਚੇ। ਐੱਸਐੱਸਐੱਫ ਦੇ ਜਵਾਨਾਂ ਅਤੇ ਸਥਾਨਕ ਲੋਕਾਂ ਨੇ ਮਿਲ ਕੇ ਇੱਕ-ਇੱਕ ਕਰਕੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਪੁਲਿਸ ਅਨੁਸਾਰ ਇਸ ਅੰਡਰਪਾਸ ਹੇਠ ਬਰਸਾਤ ਦੇ ਦਿਨਾਂ ਵਿੱਚ ਅਕਸਰ ਪਾਣੀ ਭਰ ਜਾਂਦਾ ਹੈ। ਇਸ ਕਾਰਨ ਨੈਸ਼ਨਲ ਹਾਈਵੇ ਅਥਾਰਟੀ ਨੇ ਟ੍ਰੈਫਿਕ ਨੂੰ ਇੱਕ ਪਾਸੇ ਤੋਂ ਚਲਾਇਆ ਹੋਇਆ ਸੀ। ਦੇਰ ਰਾਤ ਹਨੇਰੇ ਅਤੇ ਤੇਜ਼ ਮੀਂਹ ਕਾਰਨ ਬੱਸ ਚਾਲਕ ਨੂੰ ਪਾਣੀ ਦੀ ਡੂੰਘਾਈ ਦਾ ਅੰਦਾਜ਼ਾ ਨਾ ਲੱਗ ਸਕਿਆ। ਜਿਵੇਂ ਹੀ ਉਸ ਨੇ ਅੰਡਰਪਾਸ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੰਜਣ ਵਿੱਚ ਪਾਣੀ ਦਾਖਲ ਹੋ ਗਿਆ ਅਤੇ ਬੱਸ ਵਿਚਕਾਰ ਹੀ ਬੰਦ ਹੋ ਗਈ।

ਯਾਤਰੀਆਂ ਨੂੰ ਸੁਰੱਖਿਅਤ ਬਚਾਉਣ ਤੋਂ ਬਾਅਦ ਹਾਈਡਰਾ ਮਸ਼ੀਨ ਦੀ ਮਦਦ ਨਾਲ ਪਾਣੀ ਵਿੱਚ ਫਸੀ ਟੂਰਿਸਟ ਬੱਸ ਨੂੰ ਵੀ ਬਾਹਰ ਕੱਢਿਆ ਗਿਆ। ਯਾਤਰੀਆਂ ਨੇ ਸੜਕ ਸੁਰੱਖਿਆ ਫੋਰਸ, ਪੁਲਿਸ ਅਤੇ ਸਥਾਨਕ ਲੋਕਾਂ ਦੀ ਤੁਰੰਤ ਕਾਰਵਾਈ ਦੀ ਭਰਪੂਰ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਮੀਂਹ ਦੇ ਮੌਸਮ ਦੌਰਾਨ ਪਾਣੀ ਨਾਲ ਭਰੇ ਅੰਡਰਪਾਸਾਂ ਅਤੇ ਪੁਲਾਂ ਹੇਠੋਂ ਲੰਘਣ ਸਮੇਂ ਪੂਰੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande