
ਚੰਡੀਗੜ੍ਹ, 03 ਜੁਲਾਈ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬਜ਼ੁਰਗਾਂ ਦੇ ਸਤਿਕਾਰ, ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਚਲਾਈ ਜਾ ਰਹੀ ‘ਐਲਡਰਲਾਈਨ 14567’ ਸੇਵਾ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਹੈਲਪਲਾਈਨ ਰਾਹੀਂ ਸੀਨੀਅਰ ਸਿਟੀਜ਼ਨਾਂ ਨੂੰ ਸਮੇਂ ਸਿਰ ਸਹਾਇਤਾ, ਕਾਨੂੰਨੀ ਮਾਰਗਦਰਸ਼ਨ ਅਤੇ ਸਰਕਾਰੀ ਭਲਾਈ ਸਕੀਮਾਂ ਬਾਰੇ ਜਾਣਕਾਰੀ ਆਸਾਨੀ ਨਾਲ ਮਿਲ ਰਹੀ ਹੈ।ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਐਲਡਰਲਾਈਨ 14567’ ਹੁਣ ਤੱਕ ਸੂਬੇ ਭਰ ਵਿੱਚ 2.5 ਲੱਖ ਤੋਂ ਵੱਧ ਕਾਲਾਂ ਦਾ ਨਿਪਟਾਰਾ ਕਰ ਚੁੱਕੀ ਹੈ। ਇਸ ਸੇਵਾ ਨੇ 91 ਬੇਸਹਾਰਾ ਬਜ਼ੁਰਗਾਂ ਨੂੰ ਰੈਸਕਿਊ ਕਰਕੇ ਉਨ੍ਹਾਂ ਨੂੰ ਸੁਰੱਖਿਅਤ ਤੌਰ ‘ਤੇ ਪਰਿਵਾਰਾਂ ਨਾਲ ਮਿਲਾਇਆ ਹੈ। ਇਸਦੇ ਨਾਲ ਹੀ 1,000 ਤੋਂ ਵੱਧ ਮਾਮਲਿਆਂ ਵਿੱਚ ਬਜ਼ੁਰਗਾਂ ਨਾਲ ਦੁਰਵਿਵਹਾਰ ਅਤੇ ਗੁਜ਼ਾਰਾ ਭੱਤੇ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਕੀਤਾ ਗਿਆ ਹੈ, ਜਿਸ ਨਾਲ ਪੀੜਤਾਂ ਨੂੰ ਤੁਰੰਤ ਰਾਹਤ ਮਿਲੀ ਹੈ।ਉਨ੍ਹਾਂ ਕਿਹਾ ਕਿ ਬਜ਼ੁਰਗ ਸਮਾਜ ਦੇ ਮਜ਼ਬੂਤ ਸਤੰਭ ਹਨ ਅਤੇ ਉਹ ਸਤਿਕਾਰ, ਹਮਦਰਦੀ ਅਤੇ ਸੁਰੱਖਿਆ ਦੇ ਪੂਰੇ ਹੱਕਦਾਰ ਹਨ। ਪੰਜਾਬ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਕੋਈ ਵੀ ਬਜ਼ੁਰਗ ਆਪਣੇ ਆਪ ਨੂੰ ਇਕੱਲਾ ਜਾਂ ਬੇਸਹਾਰਾ ਮਹਿਸੂਸ ਨਾ ਕਰੇ। ‘ਐਲਡਰਲਾਈਨ 14567’ ਸਿਰਫ਼ ਇੱਕ ਹੈਲਪਲਾਈਨ ਨਹੀਂ, ਸਗੋਂ ਇਹ ਭਰੋਸੇ ਅਤੇ ਤੁਰੰਤ ਸਹਾਇਤਾ ਦਾ ਇਕ ਮਹੱਤਵਪੂਰਨ ਜ਼ਰੀਆ ਬਣ ਚੁੱਕੀ ਹੈ।ਇਹ ਸੇਵਾ ਸਮਾਜਿਕ ਸੁਰੱਖਿਆ ਵਿਭਾਗ ਪੰਜਾਬ, ਹੈਲਪਏਜ ਇੰਡੀਆ ਅਤੇ ਨੈਸ਼ਨਲ ਇੰਸਟੀਚਿਊਟ ਆਫ ਸੋਸ਼ਲ ਡਿਫੈਂਸ ਦੇ ਸਾਂਝੇ ਤਹਿਤ ਚਲਾਈ ਜਾ ਰਹੀ ਹੈ। ਇਹ ਟੋਲ-ਫ੍ਰੀ ਹੈਲਪਲਾਈਨ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਹਫ਼ਤੇ ਦੇ ਸੱਤੋ ਦਿਨ ਚਾਲੂ ਰਹਿੰਦੀ ਹੈ, ਜਿੱਥੇ ਪ੍ਰਸ਼ਿਕਸ਼ਿਤ ਕਾਲ ਅਫ਼ਸਰ ਬਜ਼ੁਰਗਾਂ ਨੂੰ ਤੁਰੰਤ ਮਦਦ ਅਤੇ ਸਲਾਹ ਦਿੰਦੇ ਹਨ।ਡਾ. ਬਲਜੀਤ ਕੌਰ ਨੇ ਸੀਨੀਅਰ ਸਿਟੀਜ਼ਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਲੋੜ ਹੋਵੇ, ਉਹ ਇਸ ਨੰਬਰ 14567 ਦਾ ਵੱਧ ਤੋਂ ਵੱਧ ਲਾਭ ਲੈਣ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਇੱਕ ਐਸਾ ਸੰਵੇਦਨਸ਼ੀਲ ਸਮਾਜ ਬਣਾਉਣਾ ਹੈ ਜਿੱਥੇ ਹਰ ਬਜ਼ੁਰਗ ਸਨਮਾਨ, ਸੁਰੱਖਿਆ ਅਤੇ ਮਾਨਸਿਕ ਸ਼ਾਂਤੀ ਨਾਲ ਜੀਵਨ ਬਤੀਤ ਕਰ ਸਕੇ।
ਹਿੰਦੂਸਥਾਨ ਸਮਾਚਾਰ / GURSHARAN SINGH