
ਲੁਧਿਆਣਾ, 04 ਜੁਲਾਈ (ਹਿੰ.ਸ.)| ਲੁਧਿਆਣਾ ਦੇ ਖੰਨਾ ਵਿੱਚ ਜੀਟੀ ਰੋਡ 'ਤੇ ਦੇਰ ਰਾਤ ਕਰੀਬ 2 ਵਜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇੱਕ 8 ਸਾਲਾ ਬੱਚਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਮੁਰਾਦਨਗਰ ਤੋਂ ਮਾਤਾ ਸ਼੍ਰੀ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਿਹਾ ਸੀ।
ਮ੍ਰਿਤਕਾਂ ਦੀ ਪਛਾਣ 32 ਸਾਲਾ ਅਮਰਦੀਪ ਵਰਮਾ ਅਤੇ 25 ਸਾਲਾ ਵਿੱਕੀ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਅਮਰਦੀਪ ਵਰਮਾ ਦੀ ਭੈਣ ਮੋਨਿਕਾ ਨੇ ਦੱਸਿਆ ਕਿ ਪਰਿਵਾਰ ਦੋ ਕਾਰਾਂ ਵਿੱਚ ਵੈਸ਼ਨੋ ਦੇਵੀ ਜਾ ਰਿਹਾ ਸੀ। ਉਹ ਖੁਦ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਦੂਜੀ ਕਾਰ ਵਿੱਚ ਸਵਾਰ ਸੀ।
ਮੋਨਿਕਾ ਮੁਤਾਬਕ ਖੰਨਾ ਦੇ ਜੀਟੀ ਰੋਡ 'ਤੇ ਇੱਕ ਕਾਰ ਦਾ ਟਾਇਰ ਪੰਕਚਰ ਹੋ ਗਿਆ। ਅਮਰਦੀਪ ਅਤੇ ਵਿੱਕੀ ਸੜਕ ਕਿਨਾਰੇ ਕਾਰ ਦਾ ਟਾਇਰ ਬਦਲ ਰਹੇ ਸਨ, ਜਦਕਿ 8 ਸਾਲਾ ਬੱਚਾ ਵੀ ਉਨ੍ਹਾਂ ਦੇ ਕੋਲ ਖੜ੍ਹਾ ਸੀ। ਇਸੇ ਦੌਰਾਨ ਪਿੱਛੋਂ ਤੇਜ਼ ਰਫ਼ਤਾਰ ਨਾਲ ਆਏ ਇੱਕ ਟਰੱਕ ਨੇ ਤਿੰਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਹਾਦਸਾ ਇੰਨਾ ਭਿਆਨਕ ਸੀ ਕਿ ਅਮਰਦੀਪ ਵਰਮਾ ਅਤੇ ਵਿੱਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ (ਐੱਸਐੱਸਐੱਫ) ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀ ਬੱਚੇ ਨੂੰ ਖੰਨਾ ਦੇ ਸਿਵਲ ਹਸਪਤਾਲ ਪਹੁੰਚਾਇਆ। ਮੁੱਢਲੀ ਸਹਾਇਤਾ ਤੋਂ ਬਾਅਦ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਐੱਸਐੱਸਐੱਫ ਦੀ ਟੀਮ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਜੀਟੀ ਰੋਡ ਤੋਂ ਹਟਾ ਕੇ ਆਵਾਜਾਈ ਨੂੰ ਮੁੜ ਸੁਚਾਰੂ ਬਣਾਇਆ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਉਸ ਦੀ ਭਾਲ ਕਰ ਰਹੀ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿੱਚ ਟਰੱਕ ਦੀ ਤੇਜ਼ ਰਫ਼ਤਾਰ ਨੂੰ ਹਾਦਸੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH