
ਮੋਗਾ, 04 ਜੁਲਾਈ (ਹਿੰ.ਸ.)| ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਵਿੱਚ 24 ਸਾਲਾ ਇੱਕ ਮੁਟਿਆਰ ਨੇ ਕਥਿਤ ਮਾਨਸਿਕ ਪਰੇਸ਼ਾਨੀ ਤੋਂ ਤੰਗ ਆ ਕੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਪਿੰਡ ਦੇ ਹੀ ਇੱਕ ਨੌਜਵਾਨ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਮ੍ਰਿਤਕਾ ਹਰਲੀਨ ਕੌਰ ਪਿਛਲੇ ਚਾਰ ਮਹੀਨਿਆਂ ਤੋਂ ਬਾਘਾਪੁਰਾਣਾ ਸਥਿਤ ਇੱਕ ਆਈਲੈਟਸ ਸੈਂਟਰ ਵਿੱਚ ਨੈਨੀ ਦਾ ਕੋਰਸ ਕਰ ਰਹੀ ਸੀ। 2 ਜੁਲਾਈ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਘਰੋਂ ਸੈਂਟਰ ਜਾਣ ਲਈ ਨਿਕਲੀ ਸੀ। ਇਸੇ ਦੌਰਾਨ ਉਸ ਦੇ ਪਿਤਾ ਸੁਖਮੰਦਰ ਸਿੰਘ ਆਪਣੇ ਮੋਟਰਸਾਈਕਲ ਦੀ ਮੁਰੰਮਤ ਲਈ ਬਾਘਾਪੁਰਾਣਾ ਗਏ ਅਤੇ ਧੀ ਨੂੰ ਮਿਲਣ ਲਈ ਸੈਂਟਰ ਪਹੁੰਚੇ। ਉੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਹਰਲੀਨ ਉਸ ਦਿਨ ਸੈਂਟਰ ਪਹੁੰਚੀ ਹੀ ਨਹੀਂ ਸੀ।
ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਧੀ ਨਾਲ ਕਈ ਵਾਰ ਫ਼ੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਫ਼ੋਨ ਨਹੀਂ ਚੁੱਕਿਆ। ਇਸ ਦੌਰਾਨ ਉਨ੍ਹਾਂ ਦੇ ਭਤੀਜੇ ਬੇਅੰਤ ਸਿੰਘ ਨੇ ਦੱਸਿਆ ਕਿ ਹਰਲੀਨ ਦਾ ਉਸ ਕੋਲ ਫ਼ੋਨ ਆਇਆ ਸੀ। ਉਹ ਕਾਫ਼ੀ ਘਬਰਾਈ ਹੋਈ ਸੀ ਅਤੇ ਉਸ ਨੇ ਕਿਹਾ ਕਿ ਉਸ ਦੇ ਪਿਤਾ ਨੂੰ ਪਤਾ ਲੱਗ ਗਿਆ ਹੈ ਕਿ ਉਹ ਅੱਜ ਸੈਂਟਰ ਨਹੀਂ ਗਈ, ਇਸ ਲਈ ਉਹ ਨਹਿਰ ਵਿੱਚ ਛਾਲ ਮਾਰਨ ਜਾ ਰਹੀ ਹੈ। ਇਸ ਜਾਣਕਾਰੀ ਤੋਂ ਬਾਅਦ ਪਰਿਵਾਰ ਨੇ ਹਰਲੀਨ ਦੀ ਭਾਲ ਸ਼ੁਰੂ ਕਰ ਦਿੱਤੀ। ਸ਼ੁੱਕਰਵਾਰ ਦੇਰ ਰਾਤ ਉਸ ਦੀ ਲਾਸ਼ ਪਿੰਡ ਭਲੂਰ ਤੋਂ ਮਾਹਲਾ ਵੱਲ ਜਾਂਦੀ ਨਹਿਰ ਵਿੱਚੋਂ ਬਰਾਮਦ ਹੋਈ।
ਮ੍ਰਿਤਕਾ ਦੇ ਪਿਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਹਰਲੀਨ ਦੀ ਇੱਕ ਸਹੇਲੀ ਨੇ ਦੱਸਿਆ ਸੀ ਕਿ ਪਿੰਡ ਦਾ ਹੀ ਯਾਦਵੀਰ ਸਿੰਘ ਉਰਫ਼ ਜੋਗਾ ਹਰਲੀਨ ਨੂੰ ਲਗਾਤਾਰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਦਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਇਸ ਪਰੇਸ਼ਾਨੀ ਅਤੇ ਸੈਂਟਰ ਨਾ ਜਾਣ ਦੀ ਗੱਲ ਘਰ ਵਿੱਚ ਸਾਹਮਣੇ ਆ ਜਾਣ ਦੇ ਡਰ ਕਾਰਨ ਹਰਲੀਨ ਨੇ ਇਹ ਕਦਮ ਚੁੱਕਿਆ। ਉਨ੍ਹਾਂ ਨੇ ਯਾਦਵੀਰ ਸਿੰਘ ਨੂੰ ਧੀ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਸਮਾਲਸਰ ਥਾਣੇ ਦੇ ਸਹਾਇਕ ਥਾਣੇਦਾਰ (ਏਐਸਆਈ) ਮਨਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਯਾਦਵੀਰ ਸਿੰਘ ਉਰਫ਼ ਜੋਗਾ ਖ਼ਿਲਾਫ਼ ਆਤਮਹੱਤਿਆ ਲਈ ਉਕਸਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH