
ਚੰਡੀਗੜ੍ਹ, 04 ਜੁਲਾਈ (ਹਿੰ.ਸ.)| ਚੰਡੀਗੜ੍ਹ ਸਥਿਤ ਸੀਬੀਆਈ ਦੀ ਸਪੈਸ਼ਲ ਕ੍ਰਾਈਮ ਬ੍ਰਾਂਚ ਲੁਧਿਆਣਾ ਨੇ ਕਰੀਬ 15 ਸਾਲ ਪੁਰਾਣੇ ਅਵਤਾਰ ਸਿੰਘ ਤਾਰੀ ਕਤਲ ਕਾਂਡ ਦੀ ਗੁੱਥੀ ਸੁਲਝਾਉਣ ਲਈ ਜਾਂਚ ਤੇਜ਼ ਕਰ ਦਿੱਤੀ ਹੈ। ਇਸ ਤਹਿਤ ਸੀਬੀਆਈ ਨੇ ਵਾਰਦਾਤ ਵਿੱਚ ਸ਼ਾਮਲ ਇੱਕ ਮੁੱਖ ਸ਼ੱਕੀ ਹਮਲਾਵਰ ਦਾ ਸਕੈਚ ਜਾਰੀ ਕੀਤਾ ਹੈ।
ਨਾਲ ਹੀ ਦੋਸ਼ੀ ਦੀ ਗ੍ਰਿਫ਼ਤਾਰੀ ਜਾਂ ਮਾਮਲੇ ਨੂੰ ਸੁਲਝਾਉਣ ਵਿੱਚ ਮਦਦ ਕਰਨ ਵਾਲੇ ਵਿਅਕਤੀ ਲਈ 2 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਸੀਬੀਆਈ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੈ ਤਾਂ ਉਹ ਜਾਰੀ ਕੀਤੇ ਗਏ ਮੋਬਾਈਲ ਨੰਬਰਾਂ 'ਤੇ ਸੰਪਰਕ ਕਰੇ। ਏਜੰਸੀ ਨੇ ਭਰੋਸਾ ਦਿੱਤਾ ਹੈ ਕਿ ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
ਇਹ ਘਟਨਾ 12 ਅਪ੍ਰੈਲ 2011 ਦੀ ਹੈ। ਨਾਮਧਾਰੀ ਸੰਪਰਦਾਇ ਦੇ ਅਨੁਯਾਈ ਅਵਤਾਰ ਸਿੰਘ ਤਾਰੀ 'ਤੇ ਲੁਧਿਆਣਾ ਜ਼ਿਲ੍ਹੇ ਦੇ ਕਟਾਣੀ ਕਲਾਂ-ਚੰਡੀਗੜ੍ਹ ਮੁੱਖ ਮਾਰਗ 'ਤੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਏਕੇ-47 ਰਾਈਫਲ ਨਾਲ ਤਾਬੜਤੋੜ ਗੋਲੀਆਂ ਚਲਾਈਆਂ ਸਨ। ਹਮਲਾਵਰਾਂ ਨੇ ਉਨ੍ਹਾਂ ਦੇ ਸਰੀਰ ਵਿੱਚ 11 ਗੋਲੀਆਂ ਮਾਰੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਉਸ ਸਮੇਂ ਦੀ ਜਾਂਚ ਅਤੇ ਮੀਡੀਆ ਰਿਪੋਰਟਾਂ ਵਿੱਚ ਇਸ ਕਤਲ ਨੂੰ ਨਾਮਧਾਰੀ ਸੰਪਰਦਾਇ ਦੇ ਉੱਤਰਾਧਿਕਾਰ ਨੂੰ ਲੈ ਕੇ ਚੱਲ ਰਹੇ ਵਿਵਾਦ ਨਾਲ ਜੋੜਿਆ ਗਿਆ ਸੀ। ਮੋਹਾਲੀ ਨਿਵਾਸੀ ਅਵਤਾਰ ਸਿੰਘ ਤਾਰੀ, ਸਤਿਗੁਰੂ ਜਗਜੀਤ ਸਿੰਘ ਦੇ ਜਵਾਈ ਸੰਤ ਜਗਤਾਰ ਸਿੰਘ ਦੇ ਕਰੀਬੀ ਸਹਿਯੋਗੀ ਮੰਨੇ ਜਾਂਦੇ ਸਨ। ਘਟਨਾ ਤੋਂ ਬਾਅਦ ਸਾਹਨੇਵਾਲ ਥਾਣੇ ਵਿੱਚ ਅਵਤਾਰ ਸਿੰਘ ਦੇ ਭੈਣੋਈ ਬਲਵੰਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ।
ਜਾਣਕਾਰੀ ਅਨੁਸਾਰ, ਕਤਲ ਵਾਲੇ ਦਿਨ ਅਵਤਾਰ ਸਿੰਘ ਤਾਰੀ ਸਵੇਰੇ ਮੋਹਾਲੀ ਤੋਂ ਆਪਣੀ ਟੋਯੋਟਾ ਕੋਰੋਲਾ ਕਾਰ ਰਾਹੀਂ ਭੈਣੀ ਸਾਹਿਬ ਜਾ ਰਹੇ ਸਨ। ਕਟਾਣੀ ਕਲਾਂ ਨੇੜੇ ਉਨ੍ਹਾਂ ਨੂੰ ਕੁਝ ਲੋਕਾਂ ਵੱਲੋਂ ਪਿੱਛਾ ਕੀਤੇ ਜਾਣ ਦਾ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇੱਕ ਰਿਸ਼ਤੇਦਾਰ ਦੀ ਦੁਕਾਨ 'ਤੇ ਕਾਰ ਰੋਕ ਦਿੱਤੀ। ਜਿਵੇਂ ਹੀ ਉਹ ਦੁਕਾਨ ਤੋਂ ਬਾਹਰ ਨਿਕਲੇ, ਦੋ ਹਮਲਾਵਰਾਂ ਨੇ ਉਨ੍ਹਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ।
ਉਸ ਸਮੇਂ ਪੁਲਿਸ ਨੇ ਦੱਸਿਆ ਸੀ ਕਿ ਇੱਕ ਹਮਲਾਵਰ ਨੇ ਚਿੱਟਾ ਕੁੜਤਾ-ਪਜਾਮਾ ਅਤੇ ਚਿੱਟਾ ਪਰਨਾ ਪਾਇਆ ਹੋਇਆ ਸੀ, ਜਦਕਿ ਦੂਜੇ ਨੇ ਹਰੇ ਰੰਗ ਦੀ ਪੈਂਟ ਪਹਿਨੀ ਹੋਈ ਸੀ। ਪੁਲਿਸ ਮੁਤਾਬਕ ਇਸ ਤੋਂ ਪਹਿਲਾਂ ਵੀ ਅਵਤਾਰ ਸਿੰਘ ਤਾਰੀ 'ਤੇ ਹਮਲੇ ਦੀਆਂ ਕੋਸ਼ਿਸ਼ਾਂ ਹੋ ਚੁੱਕੀਆਂ ਸਨ ਅਤੇ ਇਸ ਸਬੰਧੀ ਮੋਹਾਲੀ ਵਿੱਚ ਦੋ ਮਾਮਲੇ ਦਰਜ ਸਨ।
ਪੰਜਾਬ ਪੁਲਿਸ ਨੇ ਕਰੀਬ ਛੇ ਸਾਲ ਤੱਕ ਇਸ ਮਾਮਲੇ ਦੀ ਜਾਂਚ ਕੀਤੀ, ਪਰ ਨਾ ਤਾਂ ਸ਼ੂਟਰਾਂ ਅਤੇ ਨਾ ਹੀ ਸਾਜ਼ਿਸ਼ ਰਚਣ ਵਾਲਿਆਂ ਤੱਕ ਪਹੁੰਚ ਸਕੀ। ਮਾਮਲੇ ਦੀ ਸੰਵੇਦਨਸ਼ੀਲਤਾ ਅਤੇ ਸਥਾਨਕ ਪੁਲਿਸ ਦੀ ਨਾਕਾਮੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ।
ਸੀਬੀਆਈ ਦੀ ਸਪੈਸ਼ਲ ਕ੍ਰਾਈਮ ਬ੍ਰਾਂਚ, ਚੰਡੀਗੜ੍ਹ ਨੇ ਮਾਮਲਾ ਆਪਣੇ ਹੱਥ ਵਿੱਚ ਲੈ ਕੇ ਨਵੇਂ ਸਿਰੇ ਤੋਂ ਐੱਫਆਈਆਰ ਦਰਜ ਕੀਤੀ। ਏਜੰਸੀ ਨੇ ਪੁਰਾਣੀਆਂ ਫਾਈਲਾਂ ਖੋਲ੍ਹ ਕੇ ਗਵਾਹਾਂ ਦੇ ਬਿਆਨ ਮੁੜ ਦਰਜ ਕੀਤੇ ਅਤੇ ਨਾਮਧਾਰੀ ਸੰਪਰਦਾਇ ਦੇ ਦੋਵੇਂ ਧੜਿਆਂ ਨਾਲ ਪੁੱਛਗਿੱਛ ਕੀਤੀ। ਹਾਲਾਂਕਿ ਹੁਣ ਤੱਕ ਸ਼ੂਟਰਾਂ ਦਾ ਕੋਈ ਪੱਕਾ ਸੁਰਾਗ ਨਹੀਂ ਮਿਲ ਸਕਿਆ। ਇਸੇ ਦੌਰਾਨ ਹੁਣ ਮੁੱਖ ਸ਼ੱਕੀ ਦਾ ਸਕੈਚ ਜਾਰੀ ਕਰਕੇ ਸੀਬੀਆਈ ਨੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH