‘ਸੇਫ ਪੰਜਾਬ’ ਹੈਲਪਲਾਈਨ ਰਾਹੀਂ ਨਸ਼ਿਆਂ ਖ਼ਿਲਾਫ਼ ਮੁਹਿੰਮ ਤੇਜ਼, 43 ਹਜ਼ਾਰ ਤੋਂ ਵੱਧ ਗੁਪਤ ਸੂਚਨਾਵਾਂ ਪ੍ਰਾਪਤ
ਚੰਡੀਗੜ੍ਹ, 04 ਜੁਲਾਈ (ਹਿੰ.ਸ.)| ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਹੁਣ ਲੋਕ ਲਹਿਰ ਦਾ ਰੂਪ ਧਾਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਤਹਿਤ ਸ਼ੁਰੂ ਕੀਤੀ ਗਈ ‘ਸੇਫ ਪੰਜਾਬ’ ਵਟਸਐਪ ਹੈਲਪਲਾਈਨ 97791-00200 ਰਾਹੀਂ ਲੋਕ ਵੱਡੀ ਗਿਣਤੀ
ਸਿਹਤ ਮੰਤਰੀ ਡਾ. ਬਲਬੀਰ ਸਿੰਘ


ਚੰਡੀਗੜ੍ਹ, 04 ਜੁਲਾਈ (ਹਿੰ.ਸ.)| ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਹੁਣ ਲੋਕ ਲਹਿਰ ਦਾ ਰੂਪ ਧਾਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਤਹਿਤ ਸ਼ੁਰੂ ਕੀਤੀ ਗਈ ‘ਸੇਫ ਪੰਜਾਬ’ ਵਟਸਐਪ ਹੈਲਪਲਾਈਨ 97791-00200 ਰਾਹੀਂ ਲੋਕ ਵੱਡੀ ਗਿਣਤੀ ਵਿੱਚ ਨਸ਼ਾ ਤਸਕਰਾਂ ਬਾਰੇ ਗੁਪਤ ਜਾਣਕਾਰੀ ਸਾਂਝੀ ਕਰ ਰਹੇ ਹਨ।ਪੁਲਿਸ ਅਨੁਸਾਰ ਹੁਣ ਤੱਕ ਸੂਬੇ ਭਰ ਵਿੱਚ 43,520 ਗੁਪਤ ਸੂਚਨਾਵਾਂ ਪ੍ਰਾਪਤ ਹੋ ਚੁੱਕੀਆਂ ਹਨ। ਇਨ੍ਹਾਂ ਦੇ ਆਧਾਰ ’ਤੇ 17,120 ਮਾਮਲੇ ਦਰਜ ਕੀਤੇ ਗਏ ਹਨ ਅਤੇ 21,962 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਅੰਕੜੇ ਦਰਸਾਉਂਦੇ ਹਨ ਕਿ ਲੋਕਾਂ ਦਾ ਪੁਲਿਸ ਤੇ ਸਰਕਾਰ ’ਤੇ ਭਰੋਸਾ ਲਗਾਤਾਰ ਵੱਧ ਰਿਹਾ ਹੈ।ਇਸ ਪਹਿਲ ਦਾ ਮੁੱਖ ਉਦੇਸ਼ ਨਾਗਰਿਕਾਂ ਨੂੰ ਬਿਨਾਂ ਕਿਸੇ ਡਰ ਦੇ ਨਸ਼ਾ ਤਸਕਰੀ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਪ੍ਰੇਰਿਤ ਕਰਨਾ ਹੈ। ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਸੂਚਨਾ ਦੇਣ ਵਾਲਿਆਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ ਅਤੇ ਹਰ ਇਤਲਾਹ ’ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ।ਵਟਸਐਪ ਹੈਲਪਲਾਈਨ ਤੋਂ ਇਲਾਵਾ ਪੰਜਾਬ ਵਿੱਚ ਈ-ਰਿਕਸ਼ਾਵਾਂ ਰਾਹੀਂ ਵੀ ਜਾਗਰੂਕਤਾ ਅਤੇ ਗੁਪਤ ਸੂਚਨਾ ਸਾਂਝੀ ਕਰਨ ਦੀ ਪ੍ਰਣਾਲੀ ਚਲਾਈ ਜਾ ਰਹੀ ਹੈ, ਜਿਸ ਨਾਲ ਲਗਭਗ 3,440 ਪਿੰਡਾਂ ਤੱਕ ਪਹੁੰਚ ਬਣਾਈ ਜਾ ਚੁੱਕੀ ਹੈ। ਇਹ ਨੈੱਟਵਰਕ ਨਸ਼ਾ ਵਿਰੋਧੀ ਕਾਰਵਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਲੋਕਾਂ ਦੀ ਭਾਗੀਦਾਰੀ ਨੇ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਕੀਤਾ ਹੈ ਅਤੇ ਪੁਲਿਸ ਹਰ ਸੂਚਨਾ ’ਤੇ ਤੇਜ਼ੀ ਨਾਲ ਕਾਰਵਾਈ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਨਤਾ ਦੇ ਸਹਿਯੋਗ ਨਾਲ ਹੀ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਤੋੜਿਆ ਜਾ ਸਕਦਾ ਹੈ।ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਵਿੱਚ ਸਿਰਫ਼ ਪੁਲਿਸ ਕਾਰਵਾਈ ਹੀ ਨਹੀਂ, ਸਗੋਂ ਜਨ-ਭਾਗੀਦਾਰੀ ਅਤੇ ਜਾਗਰੂਕਤਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਡਰ ਦੇ ਇਸ ਮੁਹਿੰਮ ਦਾ ਹਿੱਸਾ ਬਣਨ।ਅਧਿਕਾਰੀਆਂ ਦਾ ਮੰਨਣਾ ਹੈ ਕਿ ‘ਸੇਫ ਪੰਜਾਬ’ ਹੈਲਪਲਾਈਨ ਰਾਹੀਂ ਮਿਲ ਰਹੀ ਲੋਕ ਸਹਿਯੋਗੀ ਜਾਣਕਾਰੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵੱਲ ਇੱਕ ਵੱਡਾ ਕਦਮ ਹੈ ਅਤੇ ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਸਮਾਜ ਬਣਾਇਆ ਜਾ ਸਕੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande