
ਚੰਡੀਗੜ੍ਹ, 04 ਜੁਲਾਈ (ਹਿੰ.ਸ.)| ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਲੁਧਿਆਣਾ ਦੇ ਪਖੋਵਾਲ ਰੋਡ ਨਿਵਾਸੀ ਜਗਪ੍ਰੀਤ ਸਿੰਘ ਨੂੰ ਆਪਣੀ ਪਤਨੀ 41 ਸਾਲਾ ਬਲਵਿੰਦਰ ਕੌਰ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਉਸ ਨੂੰ ਸੈਕਿੰਡ ਡਿਗਰੀ ਮਰਡਰ ਦਾ ਦੋਸ਼ੀ ਮੰਨਿਆ ਹੈ। ਹੁਣ 19 ਅਕਤੂਬਰ ਨੂੰ ਜਗਪ੍ਰੀਤ ਸਿੰਘ ਦੀ ਮਨੋਵਿਗਿਆਨਕ ਮੁਲਾਂਕਣ (ਸਾਈਕਿਆਟ੍ਰਿਕ ਅਸੈਸਮੈਂਟ) ਰਿਪੋਰਟ ਦੀ ਸਮੀਖਿਆ ਕੀਤੀ ਜਾਵੇਗੀ, ਜਿਸ ਤੋਂ ਬਾਅਦ ਉਸ ਦੀ ਸਜ਼ਾ ਦਾ ਐਲਾਨ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।
ਜਗਪ੍ਰੀਤ ਸਿੰਘ ਸਾਲ 2024 ਵਿੱਚ ਵਿਜ਼ਟਰ ਵੀਜ਼ੇ 'ਤੇ ਕੈਨੇਡਾ ਗਿਆ ਸੀ ਅਤੇ ਉੱਥੇ ਪਹੁੰਚਣ ਤੋਂ ਸਿਰਫ਼ ਛੇ ਦਿਨ ਬਾਅਦ ਐਬਟਸਫੋਰਡ ਦੇ ਇੱਕ ਬੇਸਮੈਂਟ ਸੂਟ ਵਿੱਚ ਉਸ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਜਾਂਚ ਦੌਰਾਨ ਸਾਹਮਣੇ ਆਇਆ ਕਿ ਘਟਨਾ ਤੋਂ ਬਾਅਦ ਉਸ ਨੇ ਆਪਣੀ ਮਾਂ ਨੂੰ ਵੀਡੀਓ ਕਾਲ ਕਰਕੇ ਵਾਰਦਾਤ ਬਾਰੇ ਦੱਸਿਆ ਸੀ।
ਮੁਕੱਦਮੇ ਦੀ ਸੁਣਵਾਈ ਦੌਰਾਨ ਜਗਪ੍ਰੀਤ ਸਿੰਘ ਨੇ ਇਹ ਮੰਨਿਆ ਕਿ ਪਤਨੀ ਨੂੰ ਲੱਗੀਆਂ ਜਾਨਲੇਵਾ ਸੱਟਾਂ ਉਸ ਦੇ ਕਾਰਨ ਹੀ ਲੱਗੀਆਂ ਸਨ, ਪਰ ਉਸ ਨੇ ਕਤਲ ਕਰਨ ਦੇ ਇਰਾਦੇ ਤੋਂ ਇਨਕਾਰ ਕੀਤਾ। ਬਚਾਅ ਪੱਖ ਨੇ ਦਲੀਲ ਦਿੱਤੀ ਕਿ ਇਹ ਗੁੱਸੇ ਵਿੱਚ ਹੋਈ ਗੈਰ-ਇਰਾਦਤਨ ਘਟਨਾ ਸੀ। ਹਾਲਾਂਕਿ ਅਦਾਲਤ ਨੇ ਇਸ ਦਲੀਲ ਨੂੰ ਰੱਦ ਕਰਦਿਆਂ ਕਿਹਾ ਕਿ ਮੁਲਜ਼ਮ ਦੇ ਬਿਆਨ ਭਰੋਸੇਯੋਗ ਨਹੀਂ ਹਨ ਅਤੇ ਉਨ੍ਹਾਂ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।
ਅਦਾਲਤ ਵਿੱਚ ਇਹ ਵੀ ਸਾਹਮਣੇ ਆਇਆ ਕਿ ਪਤੀ-ਪਤਨੀ ਵਿਚਕਾਰ ਲੰਬੇ ਸਮੇਂ ਤੋਂ ਗੱਲਬਾਤ ਬੰਦ ਸੀ। ਫੋਨ ਰਿਕਾਰਡਾਂ ਮੁਤਾਬਕ ਜਨਵਰੀ ਤੋਂ ਮਾਰਚ 2024 ਦੀ ਸ਼ੁਰੂਆਤ ਤੱਕ ਦੋਵਾਂ ਵਿਚਕਾਰ ਕੋਈ ਕਾਲ ਜਾਂ ਸੁਨੇਹਾ ਨਹੀਂ ਹੋਇਆ ਸੀ। ਬਲਵਿੰਦਰ ਕੌਰ ਨੇ ਆਪਣੇ ਦੋਸਤਾਂ ਨੂੰ ਇਹ ਵੀ ਦੱਸਿਆ ਸੀ ਕਿ ਉਹ ਜਗਪ੍ਰੀਤ ਤੋਂ ਡਰਦੀ ਸੀ ਅਤੇ ਨਹੀਂ ਚਾਹੁੰਦੀ ਸੀ ਕਿ ਉਹ ਕੈਨੇਡਾ ਆਵੇ।
ਜਾਂਚ ਅਨੁਸਾਰ 15 ਮਾਰਚ 2024 ਦੀ ਸ਼ਾਮ ਦੋਵੇਂ ਪਹਿਲਾਂ ਐਬਟਸਫੋਰਡ ਦੇ ਇੱਕ ਗੁਰਦੁਆਰਾ ਸਾਹਿਬ ਗਏ ਅਤੇ ਫਿਰ ਇੱਕ ਮਾਲ ਵਿੱਚ ਖਰੀਦਦਾਰੀ ਕਰਨ ਤੋਂ ਬਾਅਦ ਰਾਤ ਨੂੰ ਆਪਣੇ ਬੇਸਮੈਂਟ ਸੂਟ ਵਾਪਸ ਆਏ। ਘਰ ਪਹੁੰਚਣ ਤੋਂ ਬਾਅਦ ਪੈਸਿਆਂ ਨੂੰ ਲੈ ਕੇ ਦੋਵਾਂ ਵਿੱਚ ਤਿੱਖੀ ਬਹਿਸ ਹੋਈ, ਜੋ ਹੱਥੋਪਾਈ ਵਿੱਚ ਬਦਲ ਗਈ। ਇਸ ਦੌਰਾਨ ਜਗਪ੍ਰੀਤ ਨੇ ਕਥਿਤ ਤੌਰ 'ਤੇ ਗੋਸ਼ਤ ਕੱਟਣ ਵਾਲੇ ਭਾਰੀ ਚਾਕੂ ਨਾਲ ਬਲਵਿੰਦਰ ਕੌਰ ਦੇ ਗਲੇ ਅਤੇ ਛਾਤੀ 'ਤੇ ਕਈ ਵਾਰ ਕੀਤੇ। ਪੋਸਟਮਾਰਟਮ ਰਿਪੋਰਟ ਵਿੱਚ ਗਲੇ ਅਤੇ ਛਾਤੀ ਦੀਆਂ ਨਾੜੀਆਂ ਕੱਟਣ ਅਤੇ ਵੱਧ ਖੂਨ ਵਹਿਣ ਕਾਰਨ ਮੌਤ ਦੀ ਪੁਸ਼ਟੀ ਹੋਈ ਸੀ। ਘਟਨਾ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਗਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਬਲਵਿੰਦਰ ਕੌਰ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਹੁਣ ਅਦਾਲਤ 19 ਅਕਤੂਬਰ ਨੂੰ ਸਜ਼ਾ ਸਬੰਧੀ ਅੰਤਿਮ ਫ਼ੈਸਲਾ ਸੁਣਾਏਗੀ।
ਹਿੰਦੂਸਥਾਨ ਸਮਾਚਾਰ / GURSHARAN SINGH