
ਚੰਡੀਗੜ੍ਹ, 04 ਜੁਲਾਈ (ਹਿੰ.ਸ.)| ਪੰਜਾਬ ਪੁਲਿਸ ਨੇ ਸੂਬੇ ਵਿੱਚ ਸਾਈਬਰ ਅਪਰਾਧ ਵਿਰੁੱਧ ਆਪਣੀ ਕਾਰਵਾਈ ਨੂੰ ਹੋਰ ਤੇਜ਼ ਕਰਦਿਆਂ ਸਾਈਬਰ ਡਿਫੈਂਸ ਨੈੱਟਵਰਕ ਨੂੰ ਮਜ਼ਬੂਤ ਕੀਤਾ ਹੈ। ਪੁਲਿਸ ਅਨੁਸਾਰ ਪਿਛਲੇ ਦੋ ਸਾਲਾਂ ਵਿੱਚ ਹਰ ਜ਼ਿਲ੍ਹੇ ਅਤੇ ਪੁਲਿਸ ਕਮਿਸ਼ਨਰੇਟ ਵਿੱਚ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਸਥਾਪਤ ਕੀਤੇ ਗਏ ਹਨ, ਜਿਸ ਨਾਲ ਆਨਲਾਈਨ ਧੋਖਾਧੜੀ ਅਤੇ ਡਿਜੀਟਲ ਅਪਰਾਧਾਂ ਖਿਲਾਫ਼ ਕਾਰਵਾਈ ਵਿੱਚ ਵੱਡੀ ਤੇਜ਼ੀ ਆਈ ਹੈ।
ਅਧਿਕਾਰਿਕ ਅੰਕੜਿਆਂ ਮੁਤਾਬਕ, ਪਿਛਲੇ ਇੱਕ ਸਾਲ ਵਿੱਚ ਸੂਬੇ ਭਰ ਵਿੱਚ 956 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 729 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਰਵਾਈ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਅਤੇ ਵੱਖ-ਵੱਖ ਜ਼ਿਲ੍ਹਾ ਸਾਈਬਰ ਪੁਲਿਸ ਸਟੇਸ਼ਨਾਂ ਵੱਲੋਂ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਕਦਮਾਂ ਨਾਲ ਕਈ ਨਾਗਰਿਕਾਂ ਨੂੰ ਆਪਣੀ ਮਿਹਨਤ ਦੀ ਕਮਾਈ ਗੁਆਉਣ ਤੋਂ ਬਚਾਇਆ ਗਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਸਿਰਫ਼ ਕਾਰਵਾਈ ਹੀ ਨਹੀਂ, ਸਗੋਂ ਰੋਕਥਾਮ ਅਤੇ ਜਾਗਰੂਕਤਾ 'ਤੇ ਵੀ ਜ਼ੋਰ ਦਿੱਤਾ ਹੈ। ਇਸ ਤਹਿਤ ਸੂਬੇ ਵਿੱਚ 657 ਤੋਂ ਵੱਧ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ ਹਨ, ਜਿਨ੍ਹਾਂ ਰਾਹੀਂ ਲੋਕਾਂ ਨੂੰ ਆਨਲਾਈਨ ਧੋਖਾਧੜੀ ਤੋਂ ਬਚਣ ਲਈ ਸਾਵਧਾਨ ਕੀਤਾ ਗਿਆ ਹੈ ਅਤੇ 1930 ਹੈਲਪਲਾਈਨ ਨੰਬਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ।
ਮਈ 2025 ਤੋਂ ਹੁਣ ਤੱਕ ਸਪੈਸ਼ਲ ਡੀਜੀਪੀ ਵੀ. ਨੀਰਜਾ ਦੀ ਅਗਵਾਈ ਹੇਠ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ 57 ਉੱਚ ਪੱਧਰੀ ਮਾਮਲਿਆਂ ਵਿੱਚ ਐਫਆਈਆਰ ਦਰਜ ਕਰਕੇ 56 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨਾਂ ਨੇ 673 ਹੋਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।
ਪੁਲਿਸ ਨੇ ਮਲੇਰਕੋਟਲਾ, ਲੁਧਿਆਣਾ, ਐੱਸਏਐੱਸ ਨਗਰ, ਖੰਨਾ, ਪਠਾਨਕੋਟ, ਪਟਿਆਲਾ ਅਤੇ ਕਪੂਰਥਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਵੱਡੇ ਪੱਧਰ 'ਤੇ ਕਾਰਵਾਈ ਕੀਤੀ ਹੈ। ਇਨ੍ਹਾਂ ਮਾਮਲਿਆਂ ਵਿੱਚ ਸੰਗਠਿਤ ਸਾਈਬਰ ਨੈੱਟਵਰਕਾਂ ਦਾ ਵੀ ਪਰਦਾਫਾਸ਼ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਵਿਦੇਸ਼ਾਂ ਨਾਲ ਜੁੜੇ ਸਕੈਮ ਗਿਰੋਹ ਵੀ ਸ਼ਾਮਲ ਹਨ।
ਇਸ ਤੋਂ ਇਲਾਵਾ, ਪੁਲਿਸ ਨੇ ਮਿਊਲ ਖਾਤਿਆਂ ਦੇ ਨੈੱਟਵਰਕ ਨੂੰ ਵੀ ਟਾਰਗੇਟ ਕੀਤਾ ਹੈ। ਹਾਲੀਆ ਕਾਰਵਾਈ ਵਿੱਚ 3 ਮੁਲਜ਼ਮ ਗ੍ਰਿਫ਼ਤਾਰ ਹੋਏ ਹਨ ਅਤੇ ਕਈ ਬੈਂਕ ਦਸਤਾਵੇਜ਼, ਏਟੀਐੱਮ ਕਾਰਡ, ਮੋਬਾਈਲ ਫੋਨ, ਕ੍ਰਿਪਟੋਕਰੰਸੀ ਅਤੇ ਨਕਦੀ ਬਰਾਮਦ ਕੀਤੀ ਗਈ ਹੈ।
ਕਪੂਰਥਲਾ ਵਿੱਚ ਇੱਕ ਫਰਜ਼ੀ ਕਾਲ ਸੈਂਟਰ ਦਾ ਵੀ ਪਰਦਾਫਾਸ਼ ਕੀਤਾ ਗਿਆ ਹੈ ਜੋ ਅਮਰੀਕਾ ਅਤੇ ਕੈਨੇਡਾ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਈਬਰ ਅਪਰਾਧ ਵਿਰੁੱਧ ਇਹ ਮੁਹਿੰਮ ਆਗਾਮੀ ਸਮੇਂ ਵਿੱਚ ਵੀ ਹੋਰ ਤੇਜ਼ ਕੀਤੀ ਜਾਵੇਗੀ ਤਾਂ ਜੋ ਸੂਬੇ ਨੂੰ ਡਿਜੀਟਲ ਅਪਰਾਧਾਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ।
ਹਿੰਦੂਸਥਾਨ ਸਮਾਚਾਰ / GURSHARAN SINGH