
ਚੰਡੀਗੜ੍ਹ, 05 ਜੁਲਾਈ (ਹਿੰ.ਸ.)| ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-2 ਵਿੱਚ ਸ਼ਨੀਵਾਰ ਸ਼ਾਮ ਕਰੀਬ 54 ਸਾਲ ਪੁਰਾਣੀ ਦੋ ਮੰਜ਼ਿਲਾ ਵਪਾਰਕ ਇਮਾਰਤ ਅਚਾਨਕ ਢਹਿ ਗਈ। ਹਾਦਸੇ ਵਿੱਚ ਮਲਬੇ ਹੇਠਾਂ ਦੱਬਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਪੰਜ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਬਚਾਅ ਕਾਰਜ ਕਰੀਬ ਸਾਢੇ ਪੰਜ ਘੰਟੇ ਤੱਕ ਚੱਲਿਆ, ਜਿਸ ਵਿੱਚ ਫੌਜ, ਐਨ.ਡੀ.ਆਰ.ਐਫ. ਅਤੇ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਟੀਮਾਂ ਨੇ ਸਾਂਝੇ ਤੌਰ 'ਤੇ ਹਿੱਸਾ ਲਿਆ।
ਮ੍ਰਿਤਕਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਮੇਰਠ ਨਿਵਾਸੀ ਤਰੁਣ ਜੈਨ (45) ਅਤੇ ਤਰੁਣ ਕੌਸ਼ਿਸ਼ (48) ਵਜੋਂ ਹੋਈ ਹੈ। ਜਦਕਿ ਮਲਬੇ ਵਿੱਚੋਂ ਕੱਢੇ ਗਏ ਕੁਲਦੀਪ ਸਿੰਘ, ਕੁਲਬੀਰ ਸਿੰਘ, ਉਮੇਸ਼, ਰਾਹੁਲ ਅਤੇ ਅਜੀਤ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਚੰਡੀਗੜ੍ਹ ਪ੍ਰਸ਼ਾਸਨ ਨੇ ਦੱਸਿਆ ਕਿ ਐਤਵਾਰ ਨੂੰ ਅਸਟੇਟ ਦਫ਼ਤਰ ਅਤੇ ਸੀ.ਐੱਫ.ਐੱਸ.ਐੱਲ. (ਫੋਰੈਂਸਿਕ) ਦੀਆਂ ਟੀਮਾਂ ਮੌਕੇ ਦਾ ਮੁਆਇਨਾ ਕਰਨਗੀਆਂ। ਇਸ ਦੇ ਨਾਲ ਹੀ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਸ਼ਹਿਰ ਦੀਆਂ ਅਸੁਰੱਖਿਅਤ ਅਤੇ ਪੁਰਾਣੀਆਂ ਇਮਾਰਤਾਂ ਦਾ ਸਰਵੇ ਕਰਵਾਉਣ ਦਾ ਫ਼ੈਸਲਾ ਵੀ ਲਿਆ ਗਿਆ ਹੈ।
ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਐੱਮ.ਪੀ.ਐੱਸ. ਚਾਵਲਾ ਨੇ ਦੱਸਿਆ ਕਿ ਪਲਾਟ ਨੰਬਰ 28/9 ਵਿੱਚ ਸਥਿਤ ਇਹ ਇਮਾਰਤ ਕਾਫ਼ੀ ਪੁਰਾਣੀ ਸੀ ਅਤੇ ਇੱਥੇ ਸਕਰੈਪ ਦਾ ਕੰਮ ਚੱਲ ਰਿਹਾ ਸੀ। ਉਨ੍ਹਾਂ ਮੁਤਾਬਕ ਇਮਾਰਤ ਦੀ ਪੁਰਾਣੀ ਹਾਲਤ ਕਾਰਨ ਇਸ ਦੀ ਛੱਤ ਡਿੱਗ ਗਈ।
ਜਾਣਕਾਰੀ ਅਨੁਸਾਰ ਇਹ ਇਮਾਰਤ 1972 ਵਿੱਚ ਅਲਾਟ ਕੀਤੀ ਗਈ ਸੀ ਅਤੇ ਉਸੇ ਸਮੇਂ ਇਸ ਦਾ ਨਿਰਮਾਣ ਹੋਇਆ ਸੀ। ਕਰੀਬ 15 ਦਿਨ ਪਹਿਲਾਂ ਹੀ ਇਸ ਨੂੰ ਕਿਰਾਏ 'ਤੇ ਦਿੱਤਾ ਗਿਆ ਸੀ ਅਤੇ ਇੱਥੇ ਕੰਮ ਸ਼ੁਰੂ ਹੋਇਆ ਸੀ। ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਇਮਾਰਤ ਵਿੱਚ ਸੀਲਨ ਆ ਗਈ, ਜਿਸ ਨੂੰ ਵੀ ਹਾਦਸੇ ਦਾ ਇੱਕ ਸੰਭਾਵਿਤ ਕਾਰਨ ਮੰਨਿਆ ਜਾ ਰਿਹਾ ਹੈ।
ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਦੱਸਿਆ ਕਿ ਹਾਦਸੇ ਸਮੇਂ ਇਮਾਰਤ ਦੇ ਅੰਦਰ ਛੇ ਤੋਂ ਸੱਤ ਲੋਕ ਮੌਜੂਦ ਸਨ। ਸ਼ੁਰੂਆਤੀ ਪੜਾਅ ਵਿੱਚ ਚਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ, ਜਦਕਿ ਬਾਕੀ ਲੋਕਾਂ ਨੂੰ ਬਾਅਦ ਵਿੱਚ ਮਲਬੇ ਵਿੱਚੋਂ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਇਮਾਰਤ ਕਾਫ਼ੀ ਪੁਰਾਣੀ ਸੀ ਅਤੇ ਇੱਥੇ ਮੁਰੰਮਤ (ਰੇਨੋਵੇਸ਼ਨ) ਦਾ ਕੰਮ ਚੱਲ ਰਿਹਾ ਸੀ।
ਐਨਡੀਆਰਐਫ ਦੇ ਕਮਾਂਡਰ ਦੀਪਕ ਸਿੰਘ ਨੇ ਦੱਸਿਆ ਕਿ ਬਚਾਅ ਮੁਹਿੰਮ ਦੇ ਆਖਰੀ ਪੜਾਅ ਵਿੱਚ ਮਲਬੇ ਹੇਠਾਂ ਸਭ ਤੋਂ ਬੁਰੀ ਤਰ੍ਹਾਂ ਫਸੇ ਦੋ ਪੀੜਤਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਦੋਵੇਂ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਸਨ, ਪਰ ਪੂਰੀਆਂ ਡਾਕਟਰੀ ਸਾਵਧਾਨੀਆਂ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ।
ਦੀਪਕ ਸਿੰਘ ਨੇ ਕਿਹਾ ਕਿ ਬਚਾਅ ਕਾਰਜ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਾਕਟਰਾਂ ਦੀ ਪੂਰੀ ਟੀਮ ਮੌਕੇ 'ਤੇ ਤਾਇਨਾਤ ਸੀ, ਜਿਸ ਨੇ ਰੈਸਕਿਊ ਦੌਰਾਨ ਲੋੜੀਂਦੀ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ।
ਹਿੰਦੂਸਥਾਨ ਸਮਾਚਾਰ / GURSHARAN SINGH