
ਫਾਜ਼ਿਲਕਾ, 05 ਜੁਲਾਈ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਰੰਗਲਾ ਪੰਜਾਬ–ਸਿਹਤਮੰਦ ਪੰਜਾਬ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਚਲਾਈ ਜਾ ਰਹੀ ਸੀਐਮ ਦੀ ਯੋਗਸ਼ਾਲਾ ਮੁਹਿੰਮ ਨੂੰ ਫਾਜ਼ਿਲਕਾ ਜ਼ਿਲ੍ਹੇ ਵਿੱਚ ਵੱਡਾ ਹੁੰਗਾਰਾ ਮਿਲ ਰਿਹਾ ਹੈ। ਪ੍ਰੋਜੈਕਟ ਤਹਿਤ ਜ਼ਿਲ੍ਹੇ ਵਿੱਚ ਹਰ ਰੋਜ਼ ਸਵੇਰੇ ਅਤੇ ਸ਼ਾਮ ਮਿਲਾ ਕੇ 570 ਮੁਫ਼ਤ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜਿਨ੍ਹਾਂ ਲਈ ਹੁਣ ਤੱਕ 22 ਹਜ਼ਾਰ ਤੋਂ ਵੱਧ ਲੋਕ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ।
ਇਹ ਜਾਣਕਾਰੀ ਐਸ.ਡੀ.ਐਮ. ਅਬੋਹਰ ਸ. ਕਿਰਪਾਲ ਵੀਰ ਸਿੰਘ ਨੇ ਸਾਂਝੀ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਦਾ ਉਦੇਸ਼ ਯੋਗ ਦੇ ਸਰੀਰਕ ਅਤੇ ਮਾਨਸਿਕ ਲਾਭ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣਾ ਹੈ, ਤਾਂ ਜੋ ਹਰ ਨਾਗਰਿਕ ਤੰਦਰੁਸਤ, ਤਣਾਅ-ਮੁਕਤ ਅਤੇ ਉਰਜਾਵਾਨ ਜੀਵਨ ਜੀ ਸਕੇ। ਉਨ੍ਹਾਂ ਕਿਹਾ ਕਿ ਸੀਐਮ ਦੀ ਯੋਗਸ਼ਾਲਾ ਰਾਹੀਂ ਲੋਕਾਂ ਨੂੰ ਮੁਫ਼ਤ ਯੋਗ ਸਿਖਲਾਈ ਦਿੱਤੀ ਜਾ ਰਹੀ ਹੈ, ਜਿਸ ਨਾਲ ਰੰਗਲਾ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਦਦ ਮਿਲ ਰਹੀ ਹੈ।
ਉਨ੍ਹਾਂ ਦੱਸਿਆ ਕਿ ਯੋਗ ਅਭਿਆਸ ਨਾਲ ਲੋਕ ਤਣਾਅ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਸਰਵਾਈਕਲ ਅਤੇ ਹੋਰ ਕਈ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਤੋਂ ਰਾਹਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਯੋਗ ਕੇਂਦਰ ਨਾਲ ਜੁੜ ਕੇ ਨਿਯਮਿਤ ਯੋਗ ਕਰਨ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ।
ਐਸ.ਡੀ.ਐਮ. ਨੇ ਦੱਸਿਆ ਕਿ ਜੇਕਰ ਕਿਸੇ ਵੀ ਗਲੀ ਜਾਂ ਮੁਹੱਲੇ ਵਿੱਚ 25 ਮੈਂਬਰਾਂ ਦਾ ਸਮੂਹ ਯੋਗ ਕਲਾਸ ਸ਼ੁਰੂ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਮਿਸਡ ਕਾਲ ਜਾਂ ਹੈਲਪਲਾਈਨ ਰਾਹੀਂ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ, ਲੋਕ ਮੁਫ਼ਤ ਯੋਗ ਕਲਾਸਾਂ ਲਈ ਆਨਲਾਈਨ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH