
ਚੰਡੀਗੜ੍ਹ, 05 ਜੁਲਾਈ (ਹਿੰ.ਸ.)| ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜਨਤਾ ਦਲ (ਯੂਨਾਈਟਿਡ) ਜੇਡੀ(ਯੂ) ਨੇ ਪੰਜਾਬ ਦੀ ਸਿਆਸਤ ਵਿੱਚ ਆਪਣੀ ਰਸਮੀ ਐਂਟਰੀ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣਾ ਰਾਜਨੀਤਿਕ ਰੋਡਮੈਪ ਪੇਸ਼ ਕੀਤਾ ਅਤੇ ਸੂਬਾ ਇਕਾਈ ਦੀ ਨਵੀਂ ਲੀਡਰਸ਼ਿਪ ਦਾ ਵੀ ਐਲਾਨ ਕੀਤਾ।
ਜੇਡੀ(ਯੂ) ਦੇ ਪੰਜਾਬ ਪ੍ਰਭਾਰੀ ਸੰਜੇ ਕੁਮਾਰ ਨੇ ਕਿਹਾ ਕਿ ਪਾਰਟੀ ਪੰਜਾਬ ਵਿੱਚ ਇੱਕ ਭਰੋਸੇਯੋਗ, ਵਿਕਾਸਮੁਖੀ ਅਤੇ ਲੋਕ-ਕੇਂਦਰਿਤ ਸਿਆਸੀ ਬਦਲ ਵਜੋਂ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਜਿਹੀ ਸਰਕਾਰ ਦੀ ਲੋੜ ਹੈ ਜੋ ਪਾਰਦਰਸ਼ੀ, ਜਵਾਬਦੇਹ ਅਤੇ ਭ੍ਰਿਸ਼ਟਾਚਾਰ ਮੁਕਤ ਹੋਵੇ ਅਤੇ ਨੌਜਵਾਨਾਂ, ਕਿਸਾਨਾਂ, ਉਦਯੋਗਪਤੀਆਂ ਅਤੇ ਆਮ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੇ।
ਸੰਜੇ ਕੁਮਾਰ ਨੇ ਕਿਹਾ ਕਿ ਜਨਤਾ ਦਲ (ਯੂਨਾਈਟਿਡ) ਦੀ ਬਿਹਾਰ ਤੋਂ ਇਲਾਵਾ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਕਰਨਾਟਕ, ਅਸਾਮ, ਕੇਰਲ, ਲਕਸ਼ਦੀਪ, ਅਰੁਣਾਚਲ ਪ੍ਰਦੇਸ਼, ਝਾਰਖੰਡ ਅਤੇ ਮਣੀਪੁਰ ਸਮੇਤ ਕਈ ਰਾਜਾਂ ਵਿੱਚ ਮਜ਼ਬੂਤ ਮੌਜੂਦਗੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਦਾ ਸੁਸ਼ਾਸਨ ਅਤੇ ਵਿਕਾਸ ਆਧਾਰਿਤ ਮਾਡਲ ਪੰਜਾਬ ਦੇ ਲੋਕਾਂ ਦਾ ਵੀ ਭਰੋਸਾ ਜਿੱਤਣ ਵਿੱਚ ਸਫ਼ਲ ਰਹੇਗਾ।
ਉਨ੍ਹਾਂ ਸਪੱਸ਼ਟ ਕੀਤਾ ਕਿ ਜੇਡੀ(ਯੂ) ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਪੂਰੀ ਤਾਕਤ ਨਾਲ ਲੜੇਗੀ। ਇਸ ਦੇ ਨਾਲ ਹੀ ਪਾਰਟੀ ਨੇ ਸੂਬੇ ਵਿੱਚ ਆਪਣੇ ਸੰਗਠਨ ਨੂੰ ਪਿੰਡ ਤੋਂ ਸ਼ਹਿਰ ਤੱਕ ਮਜ਼ਬੂਤ ਕਰਨ ਲਈ ਵਿਸ਼ਾਲ ਮੈਂਬਰਸ਼ਿਪ ਅਤੇ ਸੰਗਠਨ ਵਿਸਥਾਰ ਮੁਹਿੰਮ ਚਲਾਉਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਪੰਜਾਬ ਪ੍ਰਦੇਸ਼ ਦੀ ਨਵੀਂ ਕੋਰ ਕਮੇਟੀ ਦਾ ਵੀ ਐਲਾਨ ਕੀਤਾ ਗਿਆ। ਮਲਵਿੰਦਰ ਸਿੰਘ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜਦਕਿ ਗੁਰਪਾਲ ਸਿੰਘ ਹੁੰਦਲ ਨੂੰ ਉਪ ਪ੍ਰਧਾਨ, ਆਈ.ਐੱਸ. ਆਹਲੂਵਾਲੀਆ ਨੂੰ ਸਕੱਤਰ ਜਨਰਲ ਅਤੇ ਸੰਜੀਵ ਝਾਅ ਨੂੰ ਮਹਾਂ ਸਕੱਤਰ (ਸੰਗਠਨ) ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਕੰਵਰ ਸਿੰਘ ਢੀਂਡਸਾ ਨੂੰ ਵੀ ਪਾਰਟੀ ਦੀ ਕੋਰ ਲੀਡਰਸ਼ਿਪ ਵਿੱਚ ਅਹਿਮ ਭੂਮਿਕਾ ਦਿੱਤੀ ਗਈ ਹੈ। ਨਵੇਂ ਅਹੁਦੇਦਾਰਾਂ ਨੇ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਅਤੇ ਪੰਜਾਬ ਦੇ ਹਰ ਵਰਗ ਤੱਕ ਪਹੁੰਚ ਬਣਾਉਣ ਦਾ ਸੰਕਲਪ ਲਿਆ।
ਪਾਰਟੀ ਨੇ ਆਪਣੇ ਏਜੰਡੇ ਵਿੱਚ ਰੁਜ਼ਗਾਰ ਸਿਰਜਣਾ, ਗੁਣਵੱਤਾ ਭਰਪੂਰ ਸਿੱਖਿਆ, ਖੇਤੀਬਾੜੀ ਸੁਧਾਰ, ਬਿਹਤਰ ਸਿਹਤ ਸੇਵਾਵਾਂ, ਪਾਰਦਰਸ਼ੀ ਪ੍ਰਸ਼ਾਸਨ, ਮਹਿਲਾ ਸਸ਼ਕਤੀਕਰਨ ਅਤੇ ਸਮਾਜਿਕ ਭਲਾਈ ਨੂੰ ਤਰਜੀਹ ਦੇਣ ਦੀ ਗੱਲ ਕਹੀ। ਸੰਜੇ ਕੁਮਾਰ ਨੇ ਕਿਹਾ ਕਿ ਜੇਡੀ(ਯੂ) ਵੰਡ ਦੀ ਰਾਜਨੀਤੀ ਦੀ ਬਜਾਏ ਵਿਕਾਸ, ਕਾਰਗੁਜ਼ਾਰੀ ਅਤੇ ਜਵਾਬਦੇਹੀ ਦੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੀ ਹੈ।
ਪਾਰਟੀ ਨੇ ਸੂਬਾ ਪੱਧਰ 'ਤੇ ਵੱਡੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ। ਇਸ ਮੁਹਿੰਮ ਰਾਹੀਂ ਨੌਜਵਾਨਾਂ, ਮਹਿਲਾਵਾਂ, ਕਿਸਾਨਾਂ, ਪੇਸ਼ੇਵਰਾਂ ਅਤੇ ਸਮਾਜ ਦੇ ਹਰ ਵਰਗ ਨੂੰ ਪਾਰਟੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਪਾਰਟੀ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਜੇਡੀ(ਯੂ) ਦਾ ਵਿਸਥਾਰ ਸਿਰਫ਼ ਚੋਣੀ ਰਣਨੀਤੀ ਨਹੀਂ, ਸਗੋਂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਅਤੇ ਸੂਬੇ ਨੂੰ ਇੱਕ ਵਿਕਾਸਮੁਖੀ ਰਾਜਨੀਤਿਕ ਬਦਲ ਦੇਣ ਵੱਲ ਲੰਬੀ ਮਿਆਦ ਦੀ ਪਹਿਲ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH