ਨਵਾਂਸ਼ਹਿਰ ਦੀ ਮਨਜੋਤ ਕੌਰ ਰੱਤੂ ਪਾਵਰ ਸਲੈਪ ਗੇਮ ਵਿੱਚ ਉਤਰਨ ਵਾਲੀ ਪਹਿਲੀ ਭਾਰਤੀ ਮਹਿਲਾ ਫਾਈਟਰ ਬਣੀ
ਨਵਾਂਸ਼ਹਿਰ, 05 ਜੁਲਾਈ (ਹਿੰ.ਸ.)| ਨਵਾਂਸ਼ਹਿਰ ਦੀ ਮਨਜੋਤ ਕੌਰ ਰੱਤੂ ਨੇ ਪਾਵਰ ਸਲੈਪ ਗੇਮ ਵਿੱਚ ਅੰਤਰਰਾਸ਼ਟਰੀ ਪੱਧਰ ''ਤੇ ਉਤਰ ਕੇ ਇਤਿਹਾਸ ਰਚ ਦਿੱਤਾ ਹੈ। ਉਹ ਇਸ ਖੇਡ ਵਿੱਚ ਮੁਕਾਬਲਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਫਾਈਟਰ ਬਣ ਗਈ ਹੈ। ਅਬੂ ਧਾਬੀ ਵਿੱਚ ਹੋਏ ਆਪਣੇ ਪਹਿਲੇ ਅੰਤਰਰਾਸ਼ਟਰੀ ਮੁਕਾਬਲੇ ਵਿੱਚ
ਅਬੂ ਧਾਬੀ ਵਿੱਚ ਹੋਏ ਮੁਕਾਬਲੇ ’ਚ ਮਨਜੋਤ ਕੌਰ ਰੱਤੂ


ਨਵਾਂਸ਼ਹਿਰ, 05 ਜੁਲਾਈ (ਹਿੰ.ਸ.)| ਨਵਾਂਸ਼ਹਿਰ ਦੀ ਮਨਜੋਤ ਕੌਰ ਰੱਤੂ ਨੇ ਪਾਵਰ ਸਲੈਪ ਗੇਮ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਉਤਰ ਕੇ ਇਤਿਹਾਸ ਰਚ ਦਿੱਤਾ ਹੈ। ਉਹ ਇਸ ਖੇਡ ਵਿੱਚ ਮੁਕਾਬਲਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਫਾਈਟਰ ਬਣ ਗਈ ਹੈ। ਅਬੂ ਧਾਬੀ ਵਿੱਚ ਹੋਏ ਆਪਣੇ ਪਹਿਲੇ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਭਾਵੇਂ ਉਹ ਹਾਰ ਗਈ, ਪਰ ਆਪਣੇ ਹੌਸਲੇ, ਦ੍ਰਿੜ੍ਹ ਇਰਾਦੇ ਅਤੇ ਜਜ਼ਬੇ ਨਾਲ ਉਸ ਨੇ ਸਭ ਦਾ ਦਿਲ ਜਿੱਤ ਲਿਆ।

ਮੁਕਾਬਲੇ ਦੌਰਾਨ ਵਿਰੋਧੀ ਖਿਡਾਰਨ ਦੇ ਜ਼ੋਰਦਾਰ ਸਲੈਪ ਕਾਰਨ ਮਨਜੋਤ ਦੇ ਚਿਹਰੇ 'ਤੇ ਗੰਭੀਰ ਸੱਟ ਲੱਗੀ ਅਤੇ ਉਸ ਨੂੰ 9 ਟਾਂਕੇ ਲਗਾਉਣੇ ਪਏ। ਸੱਟ ਇੰਨੀ ਗੰਭੀਰ ਸੀ ਕਿ ਉਸ ਦੇ ਕੋਚ ਨੇ ਮੁਕਾਬਲਾ ਵਿਚਕਾਰ ਹੀ ਛੱਡਣ ਦੀ ਸਲਾਹ ਦਿੱਤੀ, ਪਰ ਮਨਜੋਤ ਨੇ ਹਿੰਮਤ ਨਹੀਂ ਹਾਰੀ ਅਤੇ ਦਰਦ ਦੇ ਬਾਵਜੂਦ ਤਿੰਨੋਂ ਰਾਊਂਡ ਪੂਰੇ ਕੀਤੇ।

ਕਰੀਬੀ ਮੁਕਾਬਲੇ ਵਿੱਚ ਉਹ ਹਾਰ ਗਈ, ਪਰ ਵਿਰੋਧੀ ਦੇ 30 ਅੰਕਾਂ ਦੇ ਮੁਕਾਬਲੇ 23 ਅੰਕ ਹਾਸਲ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ।

ਮਨਜੋਤ ਹੁਣ 18 ਜੁਲਾਈ ਨੂੰ ਆਸਟ੍ਰੇਲੀਆ ਦੇ ਸਿਡਨੀ ਵਿੱਚ ਹੋਣ ਵਾਲੇ ਆਪਣੇ ਅਗਲੇ ਅੰਤਰਰਾਸ਼ਟਰੀ ਮੁਕਾਬਲੇ ਲਈ ਤਿਆਰੀ ਕਰ ਰਹੀ ਹੈ। ਉਸ ਨੂੰ ਉਮੀਦ ਹੈ ਕਿ ਇਸ ਵਾਰ ਉਹ ਹੋਰ ਬਿਹਤਰ ਪ੍ਰਦਰਸ਼ਨ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰੇਗੀ।

ਪਟਿਆਲਾ ਦੇ ਫਿਜ਼ੀਕਲ ਕਾਲਜ ਤੋਂ ਬੀ.ਪੀ.ਐਡ. ਦੀ ਪੜ੍ਹਾਈ ਕਰ ਚੁੱਕੀ ਮਨਜੋਤ ਇੱਕ ਪੇਸ਼ੇਵਰ ਬਾਕਸਰ ਵੀ ਹੈ। ਬਾਕਸਿੰਗ ਤੋਂ ਪਹਿਲਾਂ ਉਹ ਕਿਕ ਬਾਕਸਿੰਗ ਅਤੇ ਕਬੱਡੀ ਵਿੱਚ ਵੀ ਆਪਣੀ ਪ੍ਰਤਿਭਾ ਦਿਖਾ ਚੁੱਕੀ ਹੈ। ਸਖ਼ਤ ਮਿਹਨਤ ਅਤੇ ਲਗਨ ਦੇ ਸਦਕਾ ਉਹ ਅੱਜ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕਰ ਰਹੀ ਹੈ।

ਮਨਜੋਤ ਕੌਰ ਦਾ ਕਹਿਣਾ ਹੈ ਕਿ ਉਸ ਦਾ ਅਗਲਾ ਟੀਚਾ ਦੁਨੀਆ ਦੇ ਸਭ ਤੋਂ ਵੱਡੇ ਫਾਈਟਿੰਗ ਮੰਚ 'ਤੇ ਭਾਰਤ ਲਈ ਖੇਡਣਾ ਹੈ। ਉਹ ਚਾਹੁੰਦੀ ਹੈ ਕਿ ਉਸ ਦੀ ਸਫ਼ਲਤਾ ਨੂੰ ਦੇਖ ਕੇ ਪੰਜਾਬ ਅਤੇ ਦੇਸ਼ ਦੀਆਂ ਹੋਰ ਲੜਕੀਆਂ ਵੀ ਕੰਬੈਟ ਖੇਡਾਂ ਵਿੱਚ ਅੱਗੇ ਆਉਣ ਅਤੇ ਆਪਣੇ ਸੁਪਨੇ ਪੂਰੇ ਕਰਨ।

ਉਨ੍ਹਾਂ ਕਿਹਾ ਕਿ ਉਹ ਸਿਰਫ਼ ਆਪਣੇ ਲਈ ਨਹੀਂ ਖੇਡਦੀ, ਸਗੋਂ ਭਵਿੱਖ ਵਿੱਚ ਅੰਤਰਰਾਸ਼ਟਰੀ ਮੁਕਾਬਲਿਆਂ ਤੋਂ ਨਾਮ ਅਤੇ ਤਜਰਬਾ ਹਾਸਲ ਕਰਕੇ ਪੰਜਾਬ ਦੀਆਂ ਲੜਕੀਆਂ ਲਈ ਇੱਕ ਬਾਕਸਿੰਗ ਅਕੈਡਮੀ ਸਥਾਪਤ ਕਰਨਾ ਚਾਹੁੰਦੀ ਹੈ। ਮਨਜੋਤ ਦਾ ਮੰਨਣਾ ਹੈ ਕਿ ਸ਼ੁਰੂਆਤ ਕਰਨਾ ਸਭ ਤੋਂ ਮੁਸ਼ਕਲ ਹੁੰਦਾ ਹੈ, ਪਰ ਇੱਕ ਵਾਰ ਹਿੰਮਤ ਨਾਲ ਕਦਮ ਚੁੱਕ ਲਏ ਜਾਣ ਤਾਂ ਕਾਮਯਾਬੀ ਦੇ ਰਸਤੇ ਆਪਣੇ ਆਪ ਬਣਦੇ ਜਾਂਦੇ ਹਨ। ਉਨ੍ਹਾਂ ਦੀ ਇਹ ਉਪਲਬਧੀ ਪੰਜਾਬ ਦੀਆਂ ਨੌਜਵਾਨ ਖਿਡਾਰਨਾਂ ਲਈ ਪ੍ਰੇਰਣਾ ਬਣ ਕੇ ਉਭਰੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande