
ਚੰਡੀਗੜ੍ਹ, 05 ਜੁਲਾਈ (ਹਿੰ.ਸ.)| ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਸਰਗਰਮ ਹੋਣ ਦੇ ਬਾਵਜੂਦ ਉਮੀਦਾਂ ਮੁਤਾਬਕ ਮੀਂਹ ਨਹੀਂ ਪਿਆ, ਜਿਸ ਕਾਰਨ ਕਈ ਇਲਾਕਿਆਂ ਵਿੱਚ ਲੋਕ ਗਰਮੀ ਅਤੇ ਉਮਸ ਤੋਂ ਪਰੇਸ਼ਾਨ ਹਨ। ਹਾਲਾਂਕਿ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਤਾਪਮਾਨ ਹੁਣ ਆਮ ਪੱਧਰ ਦੇ ਨੇੜੇ ਪਹੁੰਚ ਗਿਆ ਹੈ।
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਐਤਵਾਰ ਨੂੰ ਸਵੇਰੇ 10 ਵਜੇ ਤੱਕ ਪੰਜਾਬ ਦੇ 10 ਜ਼ਿਲ੍ਹਿਆਂ ਦੇ 31 ਸਥਾਨਾਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਫਿਲੌਰ, ਗੜ੍ਹਸ਼ੰਕਰ, ਜਲੰਧਰ-1, ਬਲਾਚੌਰ, ਨਵਾਂਸ਼ਹਿਰ, ਸ੍ਰੀ ਅਨੰਦਪੁਰ ਸਾਹਿਬ, ਨੰਗਲ ਅਤੇ ਹੁਸ਼ਿਆਰਪੁਰ ਵਿੱਚ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਬੱਸੀ ਪਠਾਣਾਂ, ਖੰਨਾ, ਪਾਇਲ, ਖਰੜ, ਚਮਕੌਰ ਸਾਹਿਬ, ਸਾਹਨੇਵਾਲ, ਰੂਪਨਗਰ, ਮੋਗਾ, ਸ਼ਾਹਕੋਟ, ਸੁਲਤਾਨਪੁਰ ਲੋਧੀ, ਰਾਏਕੋਟ, ਜਗਰਾਓਂ, ਲੁਧਿਆਣਾ ਪੂਰਬ, ਲੁਧਿਆਣਾ ਪੱਛਮੀ, ਨਕੋਦਰ, ਕਪੂਰਥਲਾ, ਜਲੰਧਰ-2, ਬਾਬਾ ਬਕਾਲਾ, ਬਟਾਲਾ, ਭੁਲੱਥ, ਦਸੂਆ ਅਤੇ ਮੁਕੇਰੀਆਂ ਵਿੱਚ ਹਲਕੇ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ।
ਮੌਸਮ ਵਿਭਾਗ ਮੁਤਾਬਕ ਐਤਵਾਰ, 5 ਜੁਲਾਈ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ਸਮੇਤ 12 ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਨਾਲ ਗਰਜ-ਚਮਕ ਦਾ ਅਲਰਟ ਹੈ। ਮੌਸਮ ਵਿਭਾਗ ਨੇ 8 ਜੁਲਾਈ ਤੱਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਜਤਾਈ ਹੈ।
ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਕੁਝ ਹੌਲੀ ਰਹੀ। ਇਸ ਸਮੇਂ ਦੌਰਾਨ ਸੂਬੇ ਵਿੱਚ ਔਸਤ ਸਿਰਫ਼ 0.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਆਮ ਔਸਤ 15.7 ਮਿਲੀਮੀਟਰ ਨਾਲੋਂ 47 ਫੀਸਦੀ ਘੱਟ ਹੈ। ਸਭ ਤੋਂ ਵੱਧ 1 ਮਿਲੀਮੀਟਰ ਮੀਂਹ ਲੁਧਿਆਣਾ ਵਿੱਚ ਦਰਜ ਕੀਤਾ ਗਿਆ, ਜਦਕਿ ਹੁਸ਼ਿਆਰਪੁਰ ਵਿੱਚ 0.3 ਮਿਲੀਮੀਟਰ, ਰੂਪਨਗਰ ਵਿੱਚ 0.2 ਮਿਲੀਮੀਟਰ ਅਤੇ ਬਠਿੰਡਾ ਵਿੱਚ 0.1 ਮਿਲੀਮੀਟਰ ਮੀਂਹ ਪਿਆ। ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਸਮੇਤ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਇਸ ਦੌਰਾਨ ਮੀਂਹ ਨਹੀਂ ਪਿਆ।
1 ਜੂਨ ਤੋਂ 1 ਜੁਲਾਈ ਤੱਕ ਪੰਜਾਬ ਵਿੱਚ ਕੁੱਲ 30.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦਕਿ ਇਸ ਮਿਆਦ ਦਾ ਆਮ ਔਸਤ 58.1 ਮਿਲੀਮੀਟਰ ਹੈ। ਇਸ ਤਰ੍ਹਾਂ ਜੂਨ ਮਹੀਨੇ ਦੌਰਾਨ ਸੂਬੇ ਵਿੱਚ ਆਮ ਨਾਲੋਂ 47 ਫੀਸਦੀ ਘੱਟ ਮੀਂਹ ਪਿਆ।
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਕਿਹਾ ਕਿ 5 ਜੁਲਾਈ ਤੋਂ ਬਾਅਦ ਹਿਮਾਚਲ ਪ੍ਰਦੇਸ਼ ਅਤੇ ਉੱਤਰੀ ਹਰਿਆਣਾ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਤਾਪਮਾਨ ਵਿੱਚ ਕਮੀ ਆਵੇਗੀ ਅਤੇ ਮੌਸਮ ਸੁਹਾਵਣਾ ਹੋਵੇਗਾ, ਜੋ ਖੇਤੀਬਾੜੀ ਲਈ ਵੀ ਲਾਭਦਾਇਕ ਰਹੇਗਾ। ਉਨ੍ਹਾਂ ਦੱਸਿਆ ਕਿ ਮਾਨਸੂਨ ਕੁਝ ਸਮੇਂ ਲਈ ਕਮਜ਼ੋਰ ਪਿਆ ਸੀ, ਪਰ ਹੁਣ ਹਾਲਾਤ ਸੁਧਰ ਰਹੇ ਹਨ ਅਤੇ ਜੁਲਾਈ ਮਹੀਨੇ ਦੌਰਾਨ ਰੁਕ-ਰੁਕ ਕੇ ਚੰਗੀ ਵਰਖਾ ਹੋਣ ਦੀ ਉਮੀਦ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH