ਪਿਛਲੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਹਰ ਮਾਨਸੂਨ ਦੌਰਾਨ ਪੰਜਾਬ ਹੜ੍ਹਾਂ ਦੇ ਖ਼ਤਰੇ ਹੇਠ ਰਿਹਾ: ਕੁਲਦੀਪ ਸਿੰਘ ਧਾਲੀਵਾਲ
ਅਜਨਾਲਾ, 05 ਜੁਲਾਈ (ਹਿੰ.ਸ.)| ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ, ਵਿਧਾਇਕ ਅਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਵਿਧਾਨ ਸਭਾ ਹਲਕੇ ਦੇ ਸਰਹੱਦੀ ਅਤੇ ਪਿਛਲੇ ਸਾਲ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਬਲੜਵਾਲ, ਆਬਾਦੀ ਬਾਬਾ ਗਮ ਚੁੱਕ ਸਾਹਿਬ, ਆਬਾਦੀ ਹਰਨਾਮ ਸਿੰਘ ਅਤੇ ਵੱਡਾ ਫੱਤੇਵਾਲ ਵਿੱਚ
ਵਿਧਾਇਕ ਅਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸੰਬੋਧਨ ਕਰਦੇ ਹੋਏ।


ਅਜਨਾਲਾ, 05 ਜੁਲਾਈ (ਹਿੰ.ਸ.)| ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ, ਵਿਧਾਇਕ ਅਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਵਿਧਾਨ ਸਭਾ ਹਲਕੇ ਦੇ ਸਰਹੱਦੀ ਅਤੇ ਪਿਛਲੇ ਸਾਲ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਬਲੜਵਾਲ, ਆਬਾਦੀ ਬਾਬਾ ਗਮ ਚੁੱਕ ਸਾਹਿਬ, ਆਬਾਦੀ ਹਰਨਾਮ ਸਿੰਘ ਅਤੇ ਵੱਡਾ ਫੱਤੇਵਾਲ ਵਿੱਚ ਲੋਕ ਮਿਲਣੀ ਪ੍ਰੋਗਰਾਮਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਹੜ੍ਹ ਸੁਰੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ।

ਧਾਲੀਵਾਲ ਨੇ ਕਿਹਾ ਕਿ ਸਾਬਕਾ ਸਰਕਾਰਾਂ ਦੀ ਲਾਪ੍ਰਵਾਹੀ ਅਤੇ ਦੂਰਅੰਦੇਸ਼ੀ ਦੀ ਕਮੀ ਕਾਰਨ ਪੰਜਾਬ ਦੇ ਲੋਕ ਹਰ ਮਾਨਸੂਨ ਦੌਰਾਨ ਹੜ੍ਹਾਂ ਦੇ ਡਰ ਹੇਠ ਜ਼ਿੰਦਗੀ ਬਿਤਾਉਣ ਲਈ ਮਜਬੂਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਿਛਲੀਆਂ ਸਰਕਾਰਾਂ ਨੇ ਦਰਿਆਵਾਂ, ਨਦੀਆਂ ਅਤੇ ਨਾਲਿਆਂ ਦੀ ਸੰਭਾਲ ਅਤੇ ਹੜ੍ਹ ਰੋਕੂ ਪ੍ਰਬੰਧਾਂ 'ਤੇ ਇਮਾਨਦਾਰੀ ਨਾਲ ਕੰਮ ਕੀਤਾ ਹੁੰਦਾ ਤਾਂ ਅੱਜ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਹਰ ਸਾਲ ਹੜ੍ਹਾਂ ਦੀ ਚਿੰਤਾ ਨਾ ਕਰਨੀ ਪੈਂਦੀ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਮਾਨਸੂਨ ਤੋਂ ਪਹਿਲਾਂ ਹੀ ਸੂਬੇ ਭਰ ਵਿੱਚ ਅਗਾਊਂ ਹੜ੍ਹ ਸੁਰੱਖਿਆ ਪ੍ਰਬੰਧਾਂ ਲਈ ਲਗਭਗ 600 ਕਰੋੜ ਰੁਪਏ ਜਾਰੀ ਕੀਤੇ ਹਨ। ਇਸ ਤਹਿਤ ਅਜਨਾਲਾ ਹਲਕੇ ਵਿੱਚੋਂ ਲੰਘਦੇ ਰਾਵੀ ਦਰਿਆ ਦੇ ਧੁੱਸੀ ਬੰਨ੍ਹਾਂ ਦੀ ਮੁਰੰਮਤ, ਪੱਥਰਾਂ ਨਾਲ ਮਜ਼ਬੂਤੀ, ਸਪਰ ਬਣਾਉਣ, ਦਰਿਆਵਾਂ ਅਤੇ ਨਾਲਿਆਂ ਦੀ ਸਫ਼ਾਈ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਰੇਨਜ਼ ਵਿਭਾਗ ਨੂੰ ਵੀ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ।

ਧਾਲੀਵਾਲ ਨੇ ਪੰਜਾਬ ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਦੌਰੇ ਕਰਨ ਦੀ ਬਜਾਏ ਭਾਜਪਾ ਆਗੂਆਂ ਨੂੰ ਕੇਂਦਰ ਸਰਕਾਰ ਕੋਲ ਜਾ ਕੇ ਪੰਜਾਬ ਲਈ ਐਲਾਨੇ ਗਏ ਫੰਡ ਜਾਰੀ ਕਰਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਸਾਲ ਹੜ੍ਹਾਂ ਤੋਂ ਬਾਅਦ ਕੇਂਦਰ ਵੱਲੋਂ ਐਲਾਨੇ ਗਏ 1,600 ਕਰੋੜ ਰੁਪਏ ਦੇ ਰਾਹਤ ਪੈਕੇਜ ਵਿੱਚੋਂ ਅਜੇ ਤੱਕ ਪੰਜਾਬ ਨੂੰ ਕੋਈ ਰਕਮ ਨਹੀਂ ਮਿਲੀ।

ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਸਾਲ ਹੜ੍ਹਾਂ ਕਾਰਨ ਪੰਜਾਬ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ ਅਤੇ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਵਿਸਥਾਰਤ ਰਿਪੋਰਟ ਕੇਂਦਰ ਨੂੰ ਸੌਂਪੀ ਗਈ ਸੀ। ਇਸ ਦੇ ਬਾਵਜੂਦ ਰਾਹਤ ਰਾਸ਼ੀ ਜਾਰੀ ਨਾ ਹੋਣਾ ਸੂਬੇ ਦੇ ਹੜ੍ਹ ਪੀੜਤਾਂ ਨਾਲ ਬੇਇਨਸਾਫ਼ੀ ਹੈ।

ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸੁਰੱਖਿਆ ਅਤੇ ਵਿਕਾਸ ਲਈ ਵਚਨਬੱਧ ਹੈ ਅਤੇ ਹੜ੍ਹਾਂ ਵਰਗੀਆਂ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਯੋਜਨਾਵਾਂ ਦਾ ਸਾਥ ਦੇਣ ਤਾਂ ਜੋ ਪੰਜਾਬ ਨੂੰ ਹੋਰ ਖੁਸ਼ਹਾਲ ਅਤੇ ਸੁਰੱਖਿਅਤ ਬਣਾਇਆ ਜਾ ਸਕੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande