ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਯੂਸੀਈਟੀ-2026 ਦੀ ਕਾਊਂਸਲਿੰਗ ਸ਼ੁਰੂ, 7 ਜੁਲਾਈ ਤੱਕ ਚੱਲੇਗਾ ਪਹਿਲਾ ਗੇੜ
ਅੰਮ੍ਰਿਤਸਰ, 05 ਜੁਲਾਈ (ਹਿੰ.ਸ.)| ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਯੂਨੀਵਰਸਿਟੀ ਕਾਮਨ ਦਾਖਲਾ ਪ੍ਰੀਖਿਆ (ਯੂਸੀਈਟੀ)-2026 ਲਈ ਕਾਊਂਸਲਿੰਗ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ 3 ਜੁਲਾਈ ਤੋਂ ਗੁਰੂ ਨਾਨਕ ਭਵਨ ਵਿੱਚ ਸ਼ੁਰੂ ਹੋਈ ਇਹ ਕਾਊਂਸਲਿੰਗ 7 ਜੁਲਾਈ ਤੱ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਯੂਸੀਈਟੀ-2026 ਦੀ ਕਾਊਂਸਲਿੰਗ ਸ਼ੁਰੂ, 7 ਜੁਲਾਈ ਤੱਕ ਚੱਲੇਗਾ ਪਹਿਲਾ ਗੇੜ


ਅੰਮ੍ਰਿਤਸਰ, 05 ਜੁਲਾਈ (ਹਿੰ.ਸ.)| ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਯੂਨੀਵਰਸਿਟੀ ਕਾਮਨ ਦਾਖਲਾ ਪ੍ਰੀਖਿਆ (ਯੂਸੀਈਟੀ)-2026 ਲਈ ਕਾਊਂਸਲਿੰਗ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ 3 ਜੁਲਾਈ ਤੋਂ ਗੁਰੂ ਨਾਨਕ ਭਵਨ ਵਿੱਚ ਸ਼ੁਰੂ ਹੋਈ ਇਹ ਕਾਊਂਸਲਿੰਗ 7 ਜੁਲਾਈ ਤੱਕ ਚੱਲੇਗੀ, ਜਦਕਿ ਦੂਜੇ ਗੇੜ ਦਾ ਸ਼ਡਿਊਲ 6 ਜੁਲਾਈ ਨੂੰ ਜਾਰੀ ਕੀਤਾ ਜਾਵੇਗਾ।

ਯੂਸੀਈਟੀ-2026 ਦੇ ਕੋਆਰਡੀਨੇਟਰ ਪ੍ਰੋ. ਅਮਨ ਮਹਾਜਨ ਅਤੇ ਡਿਪਟੀ ਕੋਆਰਡੀਨੇਟਰ ਡਾ. ਸਚਿਨ ਕੁਮਾਰ ਨੇ ਦੱਸਿਆ ਕਿ ਦਾਖਲਾ ਪ੍ਰਕਿਰਿਆ ਨੂੰ ਪਾਰਦਰਸ਼ੀ, ਸੁਚਾਰੂ ਅਤੇ ਵਿਦਿਆਰਥੀ-ਪੱਖੀ ਬਣਾਉਣ ਲਈ ਯੂਨੀਵਰਸਿਟੀ ਵੱਲੋਂ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਦੱਸਿਆ ਕਿ ਯੂਸੀਈਟੀ-2026 ਵਿੱਚ ਕੁੱਲ 2,677 ਉਮੀਦਵਾਰਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 1,971 ਉਮੀਦਵਾਰਾਂ ਨੂੰ ਵੱਖ-ਵੱਖ ਵਿਗਿਆਨ ਅਤੇ ਇੰਜੀਨੀਅਰਿੰਗ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਯੋਗ ਕਰਾਰ ਦਿੱਤਾ ਗਿਆ ਹੈ। ਕਾਊਂਸਲਿੰਗ ਦੇ ਪਹਿਲੇ ਦਿਨ ਵਿਗਿਆਨ, ਗਣਿਤ ਅਤੇ ਇੰਜੀਨੀਅਰਿੰਗ ਨਾਲ ਸਬੰਧਤ ਅੰਡਰਗ੍ਰੈਜੂਏਟ ਕੋਰਸਾਂ ਵਿੱਚ ਦਾਖਲੇ ਲਈ ਕਰੀਬ 400 ਉਮੀਦਵਾਰਾਂ ਨੇ ਹਾਜ਼ਰੀ ਭਰੀ।

ਪ੍ਰੋ. ਅਮਨ ਮਹਾਜਨ ਨੇ ਦੱਸਿਆ ਕਿ ਕਾਊਂਸਲਿੰਗ ਰਾਹੀਂ ਐੱਮ.ਐੱਸ.ਸੀ. (ਚਾਰ ਸਾਲਾ ਇਕਸਾਰ ਪ੍ਰੋਗਰਾਮ) ਦੇ ਬੋਟਨੀ, ਕੈਮਿਸਟਰੀ, ਵਾਤਾਵਰਨ ਵਿਗਿਆਨ, ਫੂਡ ਟੈਕਨਾਲੋਜੀ, ਮਨੁੱਖੀ ਜੈਨੇਟਿਕਸ, ਗਣਿਤ, ਮਾਈਕ੍ਰੋਬਾਇਓਲੋਜੀ, ਭੌਤਿਕ ਵਿਗਿਆਨ ਅਤੇ ਜ਼ੂਆਲੋਜੀ ਸਮੇਤ ਕਈ ਕੋਰਸਾਂ ਵਿੱਚ ਦਾਖਲੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਬੀ.ਐੱਸ.ਸੀ. (ਆਨਰਜ਼) ਖੇਤੀਬਾੜੀ, ਬੈਚਲਰ ਆਫ਼ ਫਾਰਮੇਸੀ, ਬੀ.ਟੈਕ. ਦੇ ਕੰਪਿਊਟਰ ਇੰਜੀਨੀਅਰਿੰਗ, ਫੂਡ ਟੈਕਨਾਲੋਜੀ ਅਤੇ ਟੈਕਸਟਾਈਲ ਪ੍ਰੋਸੈਸਿੰਗ ਟੈਕਨਾਲੋਜੀ ਕੋਰਸਾਂ ਅਤੇ ਐੱਮ.ਟੈਕ. (ਚਾਰ ਸਾਲਾ ਇਕਸਾਰ ਪ੍ਰੋਗਰਾਮ) ਦੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਇੰਜੀਨੀਅਰਿੰਗ ਅਤੇ ਅਰਬਨ ਐਂਡ ਰੀਜਨਲ ਪਲਾਨਿੰਗ ਵਿੱਚ ਵੀ ਦਾਖਲੇ ਕੀਤੇ ਜਾ ਰਹੇ ਹਨ।

ਕਾਊਂਸਲਿੰਗ ਦੌਰਾਨ ਸਬੰਧਤ ਵਿਭਾਗਾਂ ਦੇ ਮੁਖੀ, ਅਧਿਆਪਕ ਅਤੇ ਪ੍ਰਸ਼ਾਸਨਿਕ ਸਟਾਫ਼ ਮੌਕੇ 'ਤੇ ਮੌਜੂਦ ਰਹੇ। ਉਨ੍ਹਾਂ ਵੱਲੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦਸਤਾਵੇਜ਼ਾਂ ਦੀ ਜਾਂਚ, ਕੋਰਸਾਂ ਸਬੰਧੀ ਜਾਣਕਾਰੀ ਅਤੇ ਦਾਖਲਾ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਮੁਕੰਮਲ ਕਰਵਾਉਣ ਲਈ ਹਰ ਸੰਭਵ ਸਹਾਇਤਾ ਦਿੱਤੀ ਗਈ।

ਡਾ. ਸਚਿਨ ਕੁਮਾਰ ਨੇ ਯੋਗ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਿਰਧਾਰਤ ਦਿਨ ਅਤੇ ਸਮੇਂ ਅਨੁਸਾਰ ਸਾਰੇ ਅਸਲ ਦਸਤਾਵੇਜ਼ਾਂ ਸਮੇਤ ਕਾਊਂਸਲਿੰਗ ਵਿੱਚ ਹਾਜ਼ਰ ਹੋਣ, ਤਾਂ ਜੋ ਦਾਖਲਾ ਪ੍ਰਕਿਰਿਆ ਸਮੇਂ ਸਿਰ ਪੂਰੀ ਕੀਤੀ ਜਾ ਸਕੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande