
ਬਟਾਲਾ, 13 ਅਗਸਤ (ਹਿੰ.ਸ.)| ਗੁਰਦਾਸਪੁਰ ਦੇ ਬਟਾਲਾ ਵਿੱਚ 28 ਸਾਲਾ ਨੌਜਵਾਨ ਦੀ ਕਥਿਤ ਤੌਰ ’ਤੇ ਅਗਵਾ ਕਰਕੇ ਹੱਤਿਆ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਪਿਛਲੇ 7 ਦਿਨਾਂ ਤੋਂ ਲਾਪਤਾ ਸੀ ਅਤੇ ਬੁੱਧਵਾਰ ਰਾਤ ਉਸ ਦੀ ਲਾਸ਼ ਮਿਲੀ। ਪਰਿਵਾਰ ਦਾ ਦੋਸ਼ ਹੈ ਕਿ ਕਾਤਲਾਂ ਨੇ ਪਛਾਣ ਲੁਕਾਉਣ ਲਈ ਉਸ ਦੇ ਚਿਹਰੇ ’ਤੇ ਤੇਜ਼ਾਬ ਸੁੱਟਿਆ ਅਤੇ ਉਸ ਦੇ ਹੱਥ-ਪੈਰ ਵੀ ਕੱਟ ਦਿੱਤੇ। ਮ੍ਰਿਤਕ ਦੀ ਪਛਾਣ ਦੀਪਕ ਉਰਫ਼ ਦੀਪੂ ਵਜੋਂ ਹੋਈ ਹੈ, ਜੋ ਪਿੰਡ ਬੋਹੜਾ ਵਾਲ ਮਿਰਜ਼ਾ ਜਾਨ ਦਾ ਰਹਿਣ ਵਾਲਾ ਸੀ। ਪਰਿਵਾਰ ਨੇ ਉਸ ਦੀ ਪਛਾਣ ਕੱਪੜਿਆਂ ਦੇ ਆਧਾਰ ’ਤੇ ਕੀਤੀ।ਪਰਿਵਾਰ ਮੁਤਾਬਕ ਪਿੰਡ ਮਿਰਜ਼ਾਜਾਨ ਦੇ ਰਹਿਣ ਵਾਲੇ ਜਰਮਨ ਨੇ ਪਿੰਡ ਦੇ ਕਿਸੇ ਵਿਅਕਤੀ ਰਾਹੀਂ ਦੀਪਕ ਨੂੰ ਆਪਣੇ ਘਰ ਬੁਲਾਇਆ ਸੀ। ਦੀਪਕ ਇਸ ਤੋਂ ਬਾਅਦ ਘਰੋਂ ਚਲਾ ਗਿਆ, ਪਰ ਵਾਪਸ ਨਹੀਂ ਆਇਆ। ਪਰਿਵਾਰ ਦਾ ਦੋਸ਼ ਹੈ ਕਿ ਬਾਅਦ ਵਿੱਚ ਉਨ੍ਹਾਂ ਨੂੰ ਕਿਹਾ ਗਿਆ ਕਿ ਦੀਪਕ ਨੂੰ ਸੀਆਈਏ ਸਟਾਫ ਨੇ ਫੜਿਆ ਹੋਇਆ ਹੈ ਅਤੇ ਉਸ ਨੂੰ ਛੁਡਾਉਣ ਲਈ 25 ਹਜ਼ਾਰ ਰੁਪਏ ਦੀ ਲੋੜ ਹੈ। ਪਰਿਵਾਰ ਨੇ ਜਰਮਨ, ਗੁਰਦੀਪ, ਰਣਜੀਤ, ਰਾਕੇਸ਼, ਰਮੇਸ਼ ਅਤੇ ਆਰੀਅਨ ’ਤੇ ਦੀਪਕ ਦੀ ਹੱਤਿਆ ਕਰਨ ਦੇ ਦੋਸ਼ ਲਗਾਏ ਹਨ। ਪੁਲਿਸ ਨੇ ਇਨ੍ਹਾਂ ਸਾਰੇ ਛੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।ਦੀਪਕ ਦੀ ਲਾਸ਼ ਮਿਲਣ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਵੀਰਵਾਰ ਨੂੰ ਥਾਣਾ ਕਿਲਾ ਲਾਲ ਸਿੰਘ ਦੇ ਬਾਹਰ ਪ੍ਰਦਰਸ਼ਨ ਕੀਤਾ। ਪਰਿਵਾਰ ਦੀ ਮੰਗ ਸੀ ਕਿ ਹੱਤਿਆ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ।ਥਾਣਾ ਕਿਲਾ ਲਾਲ ਸਿੰਘ ਦੇ ਐੱਸਐੱਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੈਦਪੁਰ ਦੀ ਸੜਕ ਨੇੜੇ ਇੱਕ ਅਣਪਛਾਤੀ ਲਾਸ਼ ਮਿਲਣ ਦੀ ਸੂਚਨਾ ਮਿਲੀ ਸੀ। ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਸੀ। ਬਾਅਦ ਵਿੱਚ ਪਰਿਵਾਰ ਨੇ ਕੱਪੜਿਆਂ ਦੇ ਆਧਾਰ ’ਤੇ ਲਾਸ਼ ਦੀ ਪਛਾਣ ਦੀਪਕ ਉਰਫ਼ ਦੀਪੂ ਵਜੋਂ ਕੀਤੀ।ਐੱਸਐੱਚਓ ਮੁਤਾਬਕ ਦੀਪਕ 5 ਅਗਸਤ ਤੋਂ ਲਾਪਤਾ ਸੀ। ਮ੍ਰਿਤਕ ਦੀ ਭੈਣ ਦੇ ਬਿਆਨਾਂ ਦੇ ਆਧਾਰ ’ਤੇ ਛੇ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਮਾਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH