

55 ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਸਰਹੱਦ ’ਤੇ ਰੋਕਿਆ, ਹੁਣ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਬਾਰਡਰ ’ਤੇ ਇਕੱਠੇ ਹੋਣ ਦਾ ਐਲਾਨ
ਚੰਡੀਗੜ੍ਹ, 16 ਅਗਸਤ (ਹਿੰ.ਸ.)| ਹਰਿਆਣਾ ਦੇ ਜੀਂਦ ਜ਼ਿਲ੍ਹੇ ਨਾਲ ਲੱਗਦੇ ਪੰਜਾਬ ਦੇ ਖਨੌਰੀ-ਦਾਤਾ ਸਿੰਘ ਵਾਲਾ ਬਾਰਡਰ ’ਤੇ ਐਤਵਾਰ ਨੂੰ ਦਿਨ ਭਰ ਤਣਾਅ ਵਾਲੀ ਸਥਿਤੀ ਬਣੀ ਰਹੀ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਦੇ ਐਲਾਨ ਤੋਂ ਬਾਅਦ ਹਰਿਆਣਾ ਪੁਲਿਸ ਨੇ ਸੜਕ ’ਤੇ ਬੈਰੀਕੇਡਿੰਗ ਕਰਕੇ ਰਸਤਾ ਬੰਦ ਕਰ ਦਿੱਤਾ। ਜੀਂਦ ਦੀ ਡਿਪਟੀ ਕਮਿਸ਼ਨਰ ਡਾ. ਵੈਸ਼ਾਲੀ ਸ਼ਰਮਾ ਨਾਲ ਕਿਸਾਨ ਆਗੂਆਂ ਦੀ ਦੋ ਵਾਰ ਹੋਈ ਮੀਟਿੰਗ ਵੀ ਬੇਨਤੀਜਾ ਰਹੀ। ਇਸ ਤੋਂ ਬਾਅਦ ਦੇਰ ਸ਼ਾਮ ਕਿਸਾਨਾਂ ਨੇ ਖਨੌਰੀ ਬਾਰਡਰ ’ਤੇ ਪੱਕਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ।
ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਐਤਵਾਰ ਨੂੰ ਦਿੱਲੀ ਵੱਲ ਪੈਦਲ ਕੂਚ ਕਰਨ ਦਾ ਐਲਾਨ ਕੀਤਾ ਸੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਪੈਦਲ ਯਾਤਰਾ ਕਰਦਿਆਂ 29 ਅਗਸਤ ਨੂੰ ਦਿੱਲੀ ਪਹੁੰਚਣਗੇ। ਇਸ ਦੇ ਮੱਦੇਨਜ਼ਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨ ਬੱਸਾਂ ਰਾਹੀਂ ਖਨੌਰੀ ਬਾਰਡਰ ’ਤੇ ਪਹੁੰਚਣੇ ਸ਼ੁਰੂ ਹੋ ਗਏ।
ਐਤਵਾਰ ਸਵੇਰ ਤੋਂ ਹੀ ਹਰਿਆਣਾ ਪੁਲਿਸ ਨੇ ਸੂਬੇ ਦੀ ਸਰਹੱਦ ਨੂੰ ਸੀਲ ਕਰਕੇ ਤਿੰਨ ਪਰਤਾਂ ਵਾਲੀ ਬੈਰੀਕੇਡਿੰਗ ਕੀਤੀ ਹੋਈ ਸੀ। ਪੰਜਾਬ ਤੋਂ ਦਿੱਲੀ ਵੱਲ ਜਾ ਰਹੇ 55 ਕਿਸਾਨਾਂ ਦੇ ਜਥੇ ਨੂੰ ਵੀ ਹਰਿਆਣਾ ਪੁਲਿਸ ਨੇ ਖਨੌਰੀ-ਦਾਤਾ ਸਿੰਘ ਵਾਲਾ ਬਾਰਡਰ ’ਤੇ ਰੋਕ ਲਿਆ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ 55 ਕਿਸਾਨਾਂ ਦੇ ਜਥੇ ਨੇ 2024 ਦੇ ਕਿਸਾਨ ਅੰਦੋਲਨ ਦੌਰਾਨ ਸ਼ੁਭਕਰਨ ਸਿੰਘ ਦੀ ਮੌਤ ਵਾਲੀ ਥਾਂ ਤੋਂ ਮਿੱਟੀ ਵੀ ਚੁੱਕੀ। ਡੱਲੇਵਾਲ ਨੇ ਕਿਹਾ ਕਿ ਹੁਣ ਰਸਤਾ ਕਿਸਾਨਾਂ ਨੇ ਨਹੀਂ, ਸਗੋਂ ਹਰਿਆਣਾ ਪੁਲਿਸ ਨੇ ਰੋਕਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕਿਸੇ ਤਰ੍ਹਾਂ ਦੇ ਟਕਰਾਅ ਦੇ ਹੱਕ ਵਿੱਚ ਨਹੀਂ ਹਨ ਅਤੇ ਸ਼ਾਂਤਮਈ ਢੰਗ ਨਾਲ ਦਿੱਲੀ ਜਾਣਾ ਚਾਹੁੰਦੇ ਹਨ।
ਡੱਲੇਵਾਲ ਨੇ ਕਿਹਾ ਕਿ ਥੋੜ੍ਹੀ ਗਿਣਤੀ ਵਿੱਚ ਕਿਸਾਨ ਦਿੱਲੀ ਜਾ ਕੇ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹਨ। ਉਨ੍ਹਾਂ ਸੁਪਰੀਮ ਕੋਰਟ ਅਤੇ ਹਾਈਕੋਰਟ ਨੂੰ ਵੀ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਕੀਤੀ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸਾਨੀ ਮੁੱਦਿਆਂ ਦੇ ਨਾਲ-ਨਾਲ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਵਿਰੋਧ ਦੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾਉਣਾ ਹੈ।
ਕਿਸਾਨ ਆਗੂਆਂ ਮੁਤਾਬਕ ‘ਕਿਸਾਨ ਬਚਾਓ ਪਦਯਾਤਰਾ’ ਦੌਰਾਨ ਇੱਕ ਕਿਸਾਨ ਮੁੱਖ ਤੌਰ ’ਤੇ ਪੈਦਲ ਚੱਲੇਗਾ, ਜਦਕਿ ਉਸਦੇ ਨਾਲ ਕੁਝ ਹੋਰ ਕਿਸਾਨ ਰਹਿਣਗੇ, ਜੋ ਉਸਦਾ ਸਮਾਨ ਚੁੱਕਣਗੇ। ਰਸਤੇ ਵਿੱਚ ਵੱਖ-ਵੱਖ ਥਾਵਾਂ ’ਤੇ ਪੜਾਅ ਕੀਤੇ ਜਾਣਗੇ ਅਤੇ ਜਥਾ ਪੜਾਅਵਾਰ ਤਰੀਕੇ ਨਾਲ ਅੱਗੇ ਵਧੇਗਾ।
ਕਿਸਾਨਾਂ ਦਾ ਟੀਚਾ 29 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ਪਹੁੰਚਣਾ ਹੈ। ਉੱਥੇ ਇੱਕ ਦਿਨ ਦੀ ਕਿਸਾਨ ਪੰਚਾਇਤ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਵੱਲੋਂ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਖਨੌਰੀ-ਦਾਤਾ ਸਿੰਘ ਵਾਲਾ ਬਾਰਡਰ ਤੋਂ ਜੰਤਰ-ਮੰਤਰ ਤੱਕ ਇਸ ਪਦਯਾਤਰਾ ਦਾ ਐਲਾਨ ਕੀਤਾ ਗਿਆ ਹੈ।
ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨ ਕਿਸੇ ਵੀ ਤਰ੍ਹਾਂ ਦੇ ਟਕਰਾਅ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਕਿਹਾ ਕਿ ਜਥਾ ਸ਼ਾਂਤਮਈ ਢੰਗ ਨਾਲ ਦਿੱਲੀ ਜਾਵੇਗਾ ਅਤੇ ਹੁਣ ਇਹ ਸਰਕਾਰ ’ਤੇ ਨਿਰਭਰ ਕਰਦਾ ਹੈ ਕਿ ਉਹ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਬਣਾਉਂਦੀ ਹੈ।
ਉਨ੍ਹਾਂ ਕਿਹਾ ਕਿ ਜਥੇ ਵਿੱਚ ਸੀਮਤ ਗਿਣਤੀ ਵਿੱਚ ਕਿਸਾਨ ਹਨ। ਨਾ ਤਾਂ ਵੱਡੀ ਭੀੜ ਹੈ ਅਤੇ ਨਾ ਹੀ ਵੱਡੀ ਗਿਣਤੀ ਵਿੱਚ ਟਰੈਕਟਰ-ਟਰਾਲੀਆਂ ਹਨ। ਕਿਸਾਨ ਸਰਕਾਰ ਦੇ ਰਵੱਈਏ ’ਤੇ ਨਜ਼ਰ ਰੱਖ ਰਹੇ ਹਨ।
ਇਸ ਦੌਰਾਨ ਜੀਂਦ ਦੀ ਡਿਪਟੀ ਕਮਿਸ਼ਨਰ ਡਾ. ਵੈਸ਼ਾਲੀ ਸ਼ਰਮਾ ਨੇ ਕਿਸਾਨ ਆਗੂਆਂ ਨਾਲ ਦੋ ਵਾਰ ਮੀਟਿੰਗ ਕੀਤੀ, ਪਰ ਦੋਵਾਂ ਧਿਰਾਂ ਵਿਚਕਾਰ ਸਹਿਮਤੀ ਨਹੀਂ ਬਣ ਸਕੀ। ਜੀਂਦ ਦੇ ਐਸਪੀ ਕੁਲਦੀਪ ਸਿੰਘ ਵੀ ਦਾਤਾ ਸਿੰਘ ਵਾਲਾ ਬਾਰਡਰ ’ਤੇ ਪਹੁੰਚੇ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ। ਦਿੱਲੀ ਕੂਚ ਲਈ ਪਹੁੰਚੇ ਕਿਸਾਨਾਂ ਨੂੰ ਦੱਸਿਆ ਜਾਵੇਗਾ ਕਿ ਇਲਾਕੇ ਵਿੱਚ ਧਾਰਾ 163 ਲਾਗੂ ਹੈ, ਇਸ ਲਈ ਉਨ੍ਹਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਸੁਰੱਖਿਆ ਦੇ ਮੱਦੇਨਜ਼ਰ ਵੱਖ-ਵੱਖ ਥਾਵਾਂ ’ਤੇ ਨਾਕੇ ਲਗਾਏ ਗਏ ਹਨ।
ਗੱਲਬਾਤ ਬੇਨਤੀਜਾ ਰਹਿਣ ਤੋਂ ਬਾਅਦ ਕਿਸਾਨਾਂ ਨੇ ਹੁਣ ਖਨੌਰੀ ਬਾਰਡਰ ’ਤੇ ਪੱਕਾ ਮੋਰਚਾ ਲਾਉਣ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੂੰ ਉੱਥੇ ਇਕੱਠਾ ਕਰਨ ਦਾ ਐਲਾਨ ਕੀਤਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH