ਸੰਤ ਸੀਚੇਵਾਲ ਵੱਲੋਂ ਭਾਈ ਘਨੱਈਆ ਜੀ ਨੂੰ ‘ਭਾਰਤ ਰਤਨ’ ਦੇਣ ਦੀ ਮੰਗ
ਚੰਡੀਗੜ੍ਹ, 13 ਅਗਸਤ (ਹਿੰ.ਸ.)| ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿੱਚ ਮਨੁੱਖਤਾ ਦੀ ਨਿਸ਼ਕਾਮ ਸੇਵਾ ਦੇ ਮਹਾਨ ਪ੍ਰਤੀਕ ਭਾਈ ਘਨੱਈਆ ਜੀ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ‘ਭਾਰਤ ਰਤਨ’ ਨਾਲ ਸਨਮਾਨਿਤ ਕਰਨ ਦੀ ਪੁਰਜ਼ੋਰ ਮੰਗ ਉਠਾਈ। ਉਨ੍ਹਾਂ ਭਾਈ ਘਨੱਈਆ ਜੀ ਦਾ ਜਨਮ ਦਿਹਾੜਾ 20 ਸ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ


ਚੰਡੀਗੜ੍ਹ, 13 ਅਗਸਤ (ਹਿੰ.ਸ.)| ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿੱਚ ਮਨੁੱਖਤਾ ਦੀ ਨਿਸ਼ਕਾਮ ਸੇਵਾ ਦੇ ਮਹਾਨ ਪ੍ਰਤੀਕ ਭਾਈ ਘਨੱਈਆ ਜੀ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ‘ਭਾਰਤ ਰਤਨ’ ਨਾਲ ਸਨਮਾਨਿਤ ਕਰਨ ਦੀ ਪੁਰਜ਼ੋਰ ਮੰਗ ਉਠਾਈ। ਉਨ੍ਹਾਂ ਭਾਈ ਘਨੱਈਆ ਜੀ ਦਾ ਜਨਮ ਦਿਹਾੜਾ 20 ਸਤੰਬਰ ਨੂੰ ਰਾਸ਼ਟਰੀ ਪੱਧਰ ’ਤੇ ਮਨਾਉਣ ਦੀ ਮੰਗ ਵੀ ਕੀਤੀ, ਤਾਂ ਜੋ ਦੇਸ਼ ਦੀ ਨੌਜਵਾਨ ਪੀੜ੍ਹੀ ਉਨ੍ਹਾਂ ਦੇ ਸੇਵਾ, ਦਇਆ ਅਤੇ ਮਨੁੱਖੀ ਏਕਤਾ ਦੇ ਸੰਦੇਸ਼ ਤੋਂ ਪ੍ਰੇਰਣਾ ਲੈ ਸਕੇ।

ਸਦਨ ਨੂੰ ਸੰਬੋਧਨ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਅੱਜ ਦੁਨੀਆ ਭਰ ਵਿੱਚ ਮਨੁੱਖਤਾ ਦੀ ਸੇਵਾ ਲਈ ਰੈੱਡ ਕਰਾਸ ਵਰਗੀਆਂ ਸੰਸਥਾਵਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ, ਪਰ ਸਿੱਖ ਇਤਿਹਾਸ ਵਿੱਚ ਸਦੀਆਂ ਪਹਿਲਾਂ ਹੀ ਨਿਸ਼ਕਾਮ ਮਨੁੱਖੀ ਸੇਵਾ ਦੀ ਇਕ ਅਦੁੱਤੀ ਮਿਸਾਲ ਕਾਇਮ ਹੋ ਚੁੱਕੀ ਸੀ।

ਉਨ੍ਹਾਂ ਕਿਹਾ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਜੰਗ ਦੇ ਮੈਦਾਨ ਵਿੱਚ ਭਾਈ ਘਨੱਈਆ ਜੀ ਜ਼ਖ਼ਮੀ ਸਿਪਾਹੀਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਪਾਣੀ ਪਿਲਾਉਂਦੇ ਸਨ। ਜਦੋਂ ਇਸ ਸਬੰਧੀ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਤਲਬ ਕੀਤਾ ਤਾਂ ਭਾਈ ਘਨੱਈਆ ਜੀ ਨੇ ਨਿਮਰਤਾ ਨਾਲ ਕਿਹਾ ਕਿ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਹਰ ਮਨੁੱਖ ਵਿੱਚ ਗੁਰੂ ਦਾ ਰੂਪ ਦੇਖਣ ਦੀ ਸਿੱਖਿਆ ਦਿੱਤੀ ਹੈ। ਇਸ ਲਈ ਉਨ੍ਹਾਂ ਨੂੰ ਹਰ ਵਿਅਕਤੀ ਵਿੱਚ ਗੁਰੂ ਸਾਹਿਬ ਦਾ ਹੀ ਰੂਪ ਨਜ਼ਰ ਆਉਂਦਾ ਹੈ।

ਸੰਤ ਸੀਚੇਵਾਲ ਨੇ ਦੱਸਿਆ ਕਿ ਭਾਈ ਘਨੱਈਆ ਜੀ ਦੇ ਇਸ ਜਵਾਬ ਅਤੇ ਉਨ੍ਹਾਂ ਦੀ ਨਿਸ਼ਕਾਮ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਜ਼ਖ਼ਮੀਆਂ ਦੀ ਮਲ੍ਹਮ-ਪੱਟੀ ਕਰਨ ਲਈ ਵੀ ਸਮੱਗਰੀ ਮੁਹੱਈਆ ਕਰਵਾਈ, ਤਾਂ ਜੋ ਜੰਗ ਦੇ ਮੈਦਾਨ ਵਿੱਚ ਕਿਸੇ ਵੀ ਜ਼ਖ਼ਮੀ ਮਨੁੱਖ ਦੀ ਸੇਵਾ ਤੋਂ ਇਨਕਾਰ ਨਾ ਕੀਤਾ ਜਾਵੇ।

ਸੰਤ ਸੀਚੇਵਾਲ ਨੇ ਕਿਹਾ ਕਿ ਭਾਈ ਘਨੱਈਆ ਜੀ ਦੀ ਇਹ ਮਹਾਨ ਸੇਵਾ ਸਿਰਫ਼ ਸਿੱਖ ਇਤਿਹਾਸ ਦੀ ਵਿਰਾਸਤ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਦਇਆ, ਬਰਾਬਰੀ, ਭਾਈਚਾਰੇ ਅਤੇ ਨਿਸ਼ਕਾਮ ਸੇਵਾ ਦਾ ਵਿਸ਼ਵਵਿਆਪੀ ਸੰਦੇਸ਼ ਹੈ। ਉਨ੍ਹਾਂ ਦੀ ਜੀਵਨ-ਜਾਚ ਨੇ ਧਰਮ, ਜਾਤ, ਪੱਖ ਅਤੇ ਦੁਸ਼ਮਣ-ਮਿੱਤਰ ਦੇ ਭੇਦ ਤੋਂ ਉੱਪਰ ਉੱਠ ਕੇ ਹਰ ਮਨੁੱਖ ਦੀ ਸੇਵਾ ਕਰਨ ਦਾ ਰਾਹ ਦਿਖਾਇਆ।

ਸੰਤ ਸੀਚੇਵਾਲ ਨੇ ਕਿਹਾ ਕਿ ਭਾਈ ਘਨੱਈਆ ਜੀ ਦੇ ਜੀਵਨ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਮਨੁੱਖੀ ਜੀਵਨ ਦਾ ਅਸਲ ਮਕਸਦ ਨਿਸ਼ਕਾਮ ਸੇਵਾ ਅਤੇ ਦੂਜਿਆਂ ਪ੍ਰਤੀ ਦਇਆ ਦੀ ਭਾਵਨਾ ਰੱਖਣਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਮਹਾਨ ਮਨੁੱਖਤਾਵਾਦੀ ਸ਼ਖਸੀਅਤ ਨੂੰ ‘ਭਾਰਤ ਰਤਨ’ ਨਾਲ ਸਨਮਾਨਿਤ ਕਰਨਾ ਅਤੇ ਉਨ੍ਹਾਂ ਦਾ ਜਨਮ ਦਿਹਾੜਾ ਰਾਸ਼ਟਰੀ ਪੱਧਰ ’ਤੇ ਮਨਾਉਣਾ ਦੇਸ਼ ਵਿੱਚ ਸੇਵਾ, ਸਦਭਾਵਨਾ ਅਤੇ ਮਨੁੱਖੀ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande