
ਮੋਹਾਲੀ, 14 ਅਗਸਤ (ਹਿੰ.ਸ.)| ਵਿਸ਼ੇਸ਼ ਗਹਿਰੀ ਸੁਧਾਈ-2026 ਤਹਿਤ ਘਰ-ਘਰ ਸਰਵੇਖਣ ਅਤੇ ਐਨੂਮੇਰੇਸ਼ਨ ਫਾਰਮਾਂ ਦੀ ਡਿਜੀਟਾਈਜ਼ੇਸ਼ਨ ਦਾ ਪਹਿਲਾ ਪੜਾਅ ਮੁਕੰਮਲ ਹੋਣ ਉਪਰੰਤ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਹਾਲੀ ਵਿਖੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਡਰਾਫਟ ਵੋਟਰ ਸੂਚੀਆਂ ਸੌਂਪੀਆਂ।
ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਨੂਮੇਰੇਸ਼ਨ ਫਾਰਮਾਂ ਦੀ ਡਿਜੀਟਾਈਜ਼ੇਸ਼ਨ ਅਤੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜ਼ੇਸ਼ਨ ਤੋਂ ਬਾਅਦ ਜ਼ਿਲ੍ਹੇ ਵਿੱਚ ਕੁੱਲ 7,00,719 ਵੋਟਰ ਹਨ। ਇਨ੍ਹਾਂ ਵਿੱਚ 3,62,751 ਪੁਰਸ਼, 3,37,954 ਮਹਿਲਾ ਅਤੇ 14 ਥਰਡ ਜੈਂਡਰ ਵੋਟਰ ਸ਼ਾਮਲ ਹਨ। ਇਨ੍ਹਾਂ ਵੋਟਰਾਂ ਲਈ ਜ਼ਿਲ੍ਹੇ ਵਿੱਚ ਕੁੱਲ 936 ਪੋਲਿੰਗ ਸਟੇਸ਼ਨ ਬਣਾਏ ਗਏ ਹਨ।
ਵਿਧਾਨ ਸਭਾ ਹਲਕਾ-ਵਾਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਖਰੜ ਹਲਕੇ ਵਿੱਚ 2,46,922 ਵੋਟਰ ਅਤੇ 324 ਪੋਲਿੰਗ ਸਟੇਸ਼ਨ, ਐਸ.ਏ.ਐਸ. ਨਗਰ ਹਲਕੇ ਵਿੱਚ 1,92,715 ਵੋਟਰ ਅਤੇ 283 ਪੋਲਿੰਗ ਸਟੇਸ਼ਨ, ਜਦਕਿ ਡੇਰਾਬੱਸੀ ਹਲਕੇ ਵਿੱਚ 2,61,082 ਵੋਟਰ ਅਤੇ 329 ਪੋਲਿੰਗ ਸਟੇਸ਼ਨ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਸ਼ੇਸ਼ ਗਹਿਰੀ ਸੁਧਾਈ ਦੌਰਾਨ ਹੁਣ ਤੱਕ 84,795 ਅਨਮੈਪਡ ਵੋਟਰਾਂ ਅਤੇ 1,09,419 ਲਾਜ਼ੀਕਲ ਡਿਸਕ੍ਰੈਪੈਂਸੀਜ਼ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦੇ ਨਾਲ-ਨਾਲ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਦਾ ਪੂਰਾ ਮੌਕਾ ਦਿੱਤਾ ਜਾਵੇਗਾ। ਦਾਅਵਿਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ ਅਤੇ ਨੋਟਿਸਾਂ ਦੀ ਸੁਣਵਾਈ ਲਈ ਜ਼ਿਲ੍ਹੇ ਵਿੱਚ 87 ਈ.ਆਰ.ਓਜ਼/ਏ.ਈ.ਆਰ.ਓਜ਼ ਤਾਇਨਾਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਡਰਾਫਟ ਵੋਟਰ ਸੂਚੀ ਸਬੰਧੀ ਦਾਅਵੇ ਅਤੇ ਇਤਰਾਜ਼ 13 ਅਗਸਤ ਤੋਂ 12 ਸਤੰਬਰ 2026 ਤੱਕ ਦਾਇਰ ਕੀਤੇ ਜਾ ਸਕਦੇ ਹਨ। ਨੋਟਿਸ ਜਾਰੀ ਕਰਨ ਅਤੇ ਉਨ੍ਹਾਂ ਦੇ ਨਿਪਟਾਰੇ ਦੀ ਪ੍ਰਕਿਰਿਆ 13 ਅਗਸਤ ਤੋਂ 8 ਅਕਤੂਬਰ 2026 ਤੱਕ ਜਾਰੀ ਰਹੇਗੀ। ਇਸ ਦੌਰਾਨ ਸਬੰਧਤ ਵੋਟਰਾਂ ਨੂੰ ਨਿਰਧਾਰਤ ਈ.ਆਰ.ਓਜ਼/ਏ.ਈ.ਆਰ.ਓਜ਼ ਦੇ ਸਾਹਮਣੇ ਆਪਣਾ ਪੱਖ ਰੱਖਣ ਦਾ ਮੌਕਾ ਮਿਲੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਯੋਗ ਵੋਟਰ ਕਿਸੇ ਕਾਰਨ ਐਨੂਮੇਰੇਸ਼ਨ ਫਾਰਮ ਜਮ੍ਹਾਂ ਨਹੀਂ ਕਰਵਾ ਸਕੇ ਅਤੇ ਜਿਨ੍ਹਾਂ ਦੇ ਨਾਮ ਡਰਾਫਟ ਸੂਚੀ ਵਿੱਚ ਸ਼ਾਮਲ ਨਹੀਂ ਹਨ, ਉਹ ਫਾਰਮ ਨੰਬਰ 6 ਰਾਹੀਂ ਨਵੀਂ ਵੋਟ ਬਣਵਾਉਣ ਲਈ ਅਰਜ਼ੀ ਦੇ ਸਕਦੇ ਹਨ। ਯੋਗ ਵਿਦੇਸ਼ੀ ਭਾਰਤੀ ਵੋਟਰ ਫਾਰਮ ਨੰਬਰ 6ਏ ਰਾਹੀਂ ਅਰਜ਼ੀ ਦੇ ਸਕਦੇ ਹਨ। ਵੋਟਰ ਸੂਚੀ ਵਿੱਚ ਕਿਸੇ ਇੰਦਰਾਜ਼ ਸਬੰਧੀ ਇਤਰਾਜ਼ ਲਈ ਫਾਰਮ ਨੰਬਰ 7, ਜਦਕਿ ਨਾਮ, ਪਤਾ ਜਾਂ ਹੋਰ ਵੇਰਵਿਆਂ ਵਿੱਚ ਸੋਧ ਲਈ ਫਾਰਮ ਨੰਬਰ 8 ਭਰਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਡਰਾਫਟ ਵੋਟਰ ਸੂਚੀਆਂ ਸਬੰਧਤ ਐਸ.ਡੀ.ਐਮਜ਼ ਅਤੇ ਬੂਥ ਲੈਵਲ ਅਫ਼ਸਰਾਂ ਕੋਲ ਉਪਲਬਧ ਰਹਿਣਗੀਆਂ। 16 ਅਗਸਤ ਨੂੰ ਬੀ.ਐਲ.ਓਜ਼ ਆਪੋ-ਆਪਣੇ ਪੋਲਿੰਗ ਸਟੇਸ਼ਨਾਂ ’ਤੇ ਡਰਾਫਟ ਸੂਚੀਆਂ ਸਮੇਤ ਮੌਜੂਦ ਰਹਿਣਗੇ, ਜਿੱਥੇ ਨਾਗਰਿਕ ਆਪਣੇ ਨਾਮ ਅਤੇ ਵੇਰਵਿਆਂ ਦੀ ਜਾਂਚ ਕਰ ਸਕਣਗੇ ਅਤੇ ਆਪਣੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਵਾ ਸਕਣਗੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਾਰੇ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਡਰਾਫਟ ਵੋਟਰ ਸੂਚੀ ਵਿੱਚ ਆਪਣਾ ਨਾਮ ਅਤੇ ਵੇਰਵੇ ਜ਼ਰੂਰ ਚੈੱਕ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦੀ ਗਲਤੀ ਜਾਂ ਕਮੀ ਨਜ਼ਰ ਆਉਂਦੀ ਹੈ ਤਾਂ ਨਿਰਧਾਰਤ ਸਮਾਂ-ਸੀਮਾ ਅੰਦਰ ਦਾਅਵਾ, ਇਤਰਾਜ਼ ਜਾਂ ਸਬੰਧਤ ਫਾਰਮ ਜਮ੍ਹਾਂ ਕਰਵਾ ਕੇ ਅੰਤਿਮ ਵੋਟਰ ਸੂਚੀ ਵਿੱਚ ਆਪਣੇ ਵੇਰਵੇ ਸਹੀ ਦਰਜ ਕਰਵਾਏ ਜਾਣ।
ਹਿੰਦੂਸਥਾਨ ਸਮਾਚਾਰ / GURSHARAN SINGH