
ਚੰਡੀਗੜ੍ਹ, 14 ਅਗਸਤ (ਹਿੰ.ਸ.)| ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਨਿੱਜੀ ਤੌਰ ’ਤੇ ਫੋਨ ਕਰਕੇ ਉਨ੍ਹਾਂ ਦੇ ਪਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ।
ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕਰਦਿਆਂ ਕਿਹਾ ਕਿ ਮਹਾਰਾਸ਼ਟਰ ਦੇ ਨਾਂਦੇੜ ਸਥਿਤ ਗੁਰਦੁਆਰਾ ਸਾਹਿਬ ਵਿੱਚ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੀ ਗਈ ਨਿੱਜੀ ਚਿੰਤਾ ਅਤੇ ਫੋਨ ਪਰਿਵਾਰ, ਪਾਰਟੀ ਅਤੇ ਪੰਜਾਬ ਦੇ ਲੋਕਾਂ ਲਈ ਬਹੁਤ ਮਾਇਨੇ ਰੱਖਦਾ ਹੈ।
ਉਨ੍ਹਾਂ ਪ੍ਰਧਾਨ ਮੰਤਰੀ ਦੇ ਇਸ ਸੰਵੇਦਨਸ਼ੀਲ ਕਦਮ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੀ ਇਸ ਪਿਆਰ ਭਰੀ ਚਿੰਤਾ ਅਤੇ ਹਮਦਰਦੀ ਤੋਂ ਬੇਹੱਦ ਪ੍ਰਭਾਵਿਤ ਹਨ। ਹਰਸਿਮਰਤ ਨੇ ਕਿਹਾ ਕਿ ਮੁਸ਼ਕਲ ਸਮੇਂ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਗਿਆ ਸਹਿਯੋਗ ਅਤੇ ਸੁਖਬੀਰ ਬਾਦਲ ਦੀ ਜਲਦ ਸਿਹਤਯਾਬੀ ਲਈ ਦਿੱਤੀਆਂ ਸ਼ੁਭਕਾਮਨਾਵਾਂ ਪਰਿਵਾਰ ਲਈ ਮਹੱਤਵਪੂਰਨ ਹਨ।
ਹਰਸਿਮਰਤ ਕੌਰ ਬਾਦਲ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨੇ ਘਟਨਾ ਦਾ ਤੁਰੰਤ ਨੋਟਿਸ ਲੈਂਦਿਆਂ ਜਾਂਚ ਸਬੰਧੀ ਕੇਂਦਰੀ ਜਾਂਚ ਏਜੰਸੀਆਂ ਨੂੰ ਮਹਾਰਾਸ਼ਟਰ ਪੁਲਿਸ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਇਸ ਲਈ ਵੀ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਨਾਂਦੇੜ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਹੋਇਆ ਸੀ। ਘਟਨਾ ਦੌਰਾਨ ਮਹਾਰਾਸ਼ਟਰ ਪੁਲਿਸ ਦੀ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਦੇ ਇੰਸਪੈਕਟਰ ਸੰਤੋਸ਼ ਵੈਜਨਾਥ ਕੇਂਦਰੇ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹਮਲਾਵਰ ਅਤੇ ਸੁਖਬੀਰ ਬਾਦਲ ਵਿਚਕਾਰ ਮਨੁੱਖੀ ਢਾਲ ਬਣ ਕੇ ਉਨ੍ਹਾਂ ਦੀ ਰੱਖਿਆ ਕੀਤੀ ਸੀ।
ਹਿੰਦੂਸਥਾਨ ਸਮਾਚਾਰ / GURSHARAN SINGH