
ਅੰਮ੍ਰਿਤਸਰ, 14 ਅਗਸਤ (ਹਿੰ.ਸ.)| ਅੰਮ੍ਰਿਤਸਰ ਪੁਲਿਸ ਨੇ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਦੀ ਸ਼ਨਾਖਤ ਲਈ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ। ਪੁਲਿਸ ਅਨੁਸਾਰ ਇਹ ਵਿਅਕਤੀ 21 ਮਈ 2026 ਨੂੰ ਦਵਾਈ ਬਾਜ਼ਾਰ ਸਰਕੂਲਰ ਰੋਡ, ਗੁਪਤਾ ਹਸਪਤਾਲ ਨੇੜੇ ਪੈਦਲ ਜਾ ਰਿਹਾ ਸੀ। ਇਸ ਦੌਰਾਨ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਜ਼ਖਮੀ ਵਿਅਕਤੀ ਨੂੰ ਸਵਾਰੀ ਦਾ ਪ੍ਰਬੰਧ ਕਰਕੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਦੇ ਐਮਰਜੈਂਸੀ ਵਾਰਡ ਵਿੱਚ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਮ੍ਰਿਤਕ ਦੀ ਪਛਾਣ ਅਤੇ ਉਸ ਦੇ ਵਾਰਸਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ।
ਪੁਲਿਸ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਮ੍ਰਿਤਕ ਦੀ ਉਮਰ ਕਰੀਬ 34-35 ਸਾਲ, ਕੱਦ ਲਗਭਗ 5 ਫੁੱਟ 6-7 ਇੰਚ, ਰੰਗ ਸਾਫ਼ ਅਤੇ ਸਰੀਰ ਪਤਲਾ ਤੇ ਕਮਜ਼ੋਰ ਸੀ। ਉਸ ਦੀ ਸੱਜੀ ਬਾਂਹ ਦੇ ਅੰਦਰਲੇ ਪਾਸੇ ‘ਰਾਜੂ’ ਅਤੇ ਹਿੰਦੀ ਵਿੱਚ ‘ਯਾਦਰਾਮ’ ਲਿਖਿਆ ਹੋਇਆ ਹੈ। ਉਸ ਨੇ ਚਿੱਟੇ ਰੰਗ ਦੀ ਟੀ-ਸ਼ਰਟ, ਗ੍ਰੇਅ ਰੰਗ ਦੀ ਜੀਨਜ਼ ਪੈਂਟ ਅਤੇ ਹਲਕੇ ਮਹਿੰਦੀ ਰੰਗ ਦਾ ਅੰਡਰਵੇਅਰ ਪਹਿਨਿਆ ਹੋਇਆ ਸੀ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵਿਅਕਤੀ ਇਸ ਨੌਜਵਾਨ ਨੂੰ ਜਾਣਦਾ ਹੋਵੇ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਬਾਰੇ ਕੋਈ ਜਾਣਕਾਰੀ ਰੱਖਦਾ ਹੋਵੇ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ। ਜਾਣਕਾਰੀ ਦੇਣ ਲਈ ਥਾਣਾ ਮਜੀਠਾ ਰੋਡ ਦੇ ਮੁੱਖ ਅਫਸਰ ਨਾਲ ਮੋਬਾਈਲ ਨੰਬਰ 97811-30215, ਮੁੱਖ ਮੁਨਸ਼ੀ ਨਾਲ 78147-30834 ਜਾਂ ਤਫਤੀਸ਼ੀ ਅਫਸਰ ਨਾਲ 98786-12820 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH