
ਚੰਡੀਗੜ੍ਹ, 15 ਅਗਸਤ (ਹਿੰ.ਸ.)| ਚੰਡੀਗੜ੍ਹ ਦੇ ਸੈਕਟਰ-26 ਸਥਿਤ ਸਬਜ਼ੀ ਮੰਡੀ ਵਿੱਚ ਗੱਡੀ ਹਟਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਇੱਕ ਆੜ੍ਹਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਊਨਾ ਵਾਸੀ ਦੇਸ਼ਰਾਜ (43) ਵਜੋਂ ਹੋਈ ਹੈ। ਕਤਲ ਦਾ ਦੋਸ਼ ਯੂਪੀ ਵਾਸੀ ਇੱਕ ਹੋਰ ਆੜ੍ਹਤੀ ਵਿਨੋਦ ਅਤੇ ਉਸ ਦੇ ਪੁੱਤਰਾਂ ’ਤੇ ਲੱਗਾ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ।ਪੁਲਿਸ ਮੁਤਾਬਕ ਦੇਸ਼ਰਾਜ ਅਤੇ ਵਿਨੋਦ ਛੋਟੀਆਂ ਪਿਕਅੱਪ ਗੱਡੀਆਂ ਰਾਹੀਂ ਆਪਣੇ-ਆਪਣੇ ਇਲਾਕਿਆਂ ਤੋਂ ਸਬਜ਼ੀਆਂ ਲਿਆ ਕੇ ਸੈਕਟਰ-26 ਮੰਡੀ ਵਿੱਚ ਵੇਚਦੇ ਸਨ। ਸ਼ੁੱਕਰਵਾਰ ਰਾਤ ਦੇਸ਼ਰਾਜ ਮੰਡੀ ਵਿੱਚ ਸਬਜ਼ੀ ਵੇਚ ਰਹੇ ਸਨ। ਇਸੇ ਦੌਰਾਨ ਵਿਨੋਦ ਆਪਣੇ ਪੁੱਤਰਾਂ ਸਮੇਤ ਉੱਥੇ ਪਹੁੰਚਿਆ ਅਤੇ ਦੇਸ਼ਰਾਜ ਨੂੰ ਆਪਣੀ ਗੱਡੀ ਹਟਾਉਣ ਲਈ ਕਿਹਾ।ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਪਹਿਲਾਂ ਤਕਰਾਰ ਹੋਈ ਅਤੇ ਬਾਅਦ ਵਿੱਚ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਦੋਸ਼ ਹੈ ਕਿ ਇਸ ਦੌਰਾਨ ਵਿਨੋਦ ਅਤੇ ਉਸ ਦੇ ਪੁੱਤਰਾਂ ਨੇ ਚਾਕੂ ਨਾਲ ਦੇਸ਼ਰਾਜ ’ਤੇ ਹਮਲਾ ਕਰ ਦਿੱਤਾ। ਗੰਭੀਰ ਜ਼ਖ਼ਮੀ ਦੇਸ਼ਰਾਜ ਜ਼ਮੀਨ ’ਤੇ ਡਿੱਗ ਪਏ। ਮੰਡੀ ਵਿੱਚ ਮੌਜੂਦ ਲੋਕਾਂ ਨੇ ਵਿਚ-ਬਚਾਅ ਦੀ ਕੋਸ਼ਿਸ਼ ਕੀਤੀ, ਪਰ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।ਸੂਚਨਾ ਮਿਲਣ ’ਤੇ ਪੁਲਿਸ ਨੇ ਦੇਸ਼ਰਾਜ ਨੂੰ ਜੀਐੱਮਸੀਐੱਚ-32 ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਦੀ ਮੋਬਾਈਲ ਫੋਰੈਂਸਿਕ ਟੀਮ ਨੇ ਮੌਕੇ ਤੋਂ ਖੂਨ ਦੇ ਧੱਬਿਆਂ ਸਮੇਤ ਹੋਰ ਸਬੂਤ ਇਕੱਠੇ ਕੀਤੇ ਹਨ। ਘਟਨਾ ਦੀ ਸੱਚਾਈ ਸਾਹਮਣੇ ਲਿਆਉਣ ਲਈ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁੱਖ ਮੁਲਜ਼ਮ ਵਿਨੋਦ ਅਤੇ ਉਸ ਦੇ ਪੁੱਤਰਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਸੰਭਾਵਿਤ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਾਰਦਾਤ ਦੇ ਪੂਰੇ ਕਾਰਨਾਂ ਅਤੇ ਘਟਨਾਕ੍ਰਮ ਦਾ ਪਤਾ ਲੱਗ ਸਕੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH