
ਕਪੂਰਥਲਾ, 15 ਅਗਸਤ (ਹਿੰ.ਸ.)| ਕਪੂਰਥਲਾ ਪੁਲਿਸ ਨੇ 11 ਅਗਸਤ ਨੂੰ ਪਿੰਡ ਬਿਸ਼ਨਪੁਰ ਜੱਟਾਂ ਵਿੱਚ ਹੋਏ ਨੌਜਵਾਨ ਲਵਪ੍ਰੀਤ ਸਿੰਘ ਉਰਫ਼ ਲੱਖਾ ਦੇ ਕਤਲ ਦੇ ਮਾਮਲੇ ਨੂੰ ਸੁਲਝਾਉਂਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਦੋ ਨਾਜਾਇਜ਼ ਪਿਸਤੌਲਾਂ ਸਮੇਤ ਵੱਡੀ ਮਾਤਰਾ ਵਿੱਚ ਅਸਲਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਤੰਨਾ ਅਤੇ ਮੰਦੀਪ ਸਿੰਘ ਉਰਫ਼ ਸਾਗਾ, ਦੋਵੇਂ ਵਾਸੀ ਬਿਸ਼ਨਪੁਰ ਜੱਟਾਂ ਵਜੋਂ ਹੋਈ ਹੈ।ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਪੀ. (ਤਫਤੀਸ਼) ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ 11 ਅਗਸਤ ਨੂੰ ਲਵਪ੍ਰੀਤ ਸਿੰਘ ਆਪਣੇ ਦੋਸਤਾਂ ਸੂਰਜ ਅਤੇ ਹਰਸ਼ਦੀਪ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ। ਇਸ ਦੌਰਾਨ ਕਥਿਤ ਤੌਰ ’ਤੇ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਮੁਲਜ਼ਮਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਕਾਰਨ ਲਵਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਹਰਸ਼ਦੀਪ ਜ਼ਖਮੀ ਹੋ ਗਿਆ। ਪੁਲਿਸ ਮੁਤਾਬਕ ਹਮਲਾਵਰ ਪੀੜਤਾਂ ਦੇ ਮੋਬਾਈਲ ਫੋਨ ਵੀ ਖੋਹ ਕੇ ਫਰਾਰ ਹੋ ਗਏ ਸਨ।ਘਟਨਾ ਸਬੰਧੀ ਥਾਣਾ ਕੋਤਵਾਲੀ ਕਪੂਰਥਲਾ ਵਿੱਚ ਭਾਰਤੀ ਨਿਆਇ ਸੰਹਿਤਾ ਅਤੇ ਅਸਲਾ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਲਈ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ। ਪੁਲਿਸ ਨੇ ਮਨੁੱਖੀ ਅਤੇ ਤਕਨੀਕੀ ਸੂਚਨਾਵਾਂ ਦੇ ਆਧਾਰ ’ਤੇ ਦੋਵਾਂ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ ਚੀਨ ਦਾ ਬਣਿਆ ਨੋਰੀਨਕੋ ਪਿਸਤੌਲ, ਇੱਕ ਸਟੌਰਮ ਪਿਸਤੌਲ, ਤਿੰਨ ਮੈਗਜ਼ੀਨ, ਤਿੰਨ ਜ਼ਿੰਦਾ ਰੌਂਦ ਅਤੇ ਤਿੰਨ ਮਿਸਫਾਇਰ ਰੌਂਦ ਬਰਾਮਦ ਕੀਤੇ ਹਨ। ਪੁਲਿਸ ਅਨੁਸਾਰ ਗੁਰਪ੍ਰੀਤ ਸਿੰਘ ਉਰਫ਼ ਤੰਨਾ ਖ਼ਿਲਾਫ਼ ਜਲੰਧਰ ਦਿਹਾਤੀ ਵਿੱਚ ਪਹਿਲਾਂ ਹੀ ਦੋ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਦੋਵਾਂ ਮਾਮਲਿਆਂ ਵਿੱਚ ਜ਼ਮਾਨਤ ’ਤੇ ਬਾਹਰ ਸੀ। ਦੂਜੇ ਮੁਲਜ਼ਮ ਮੰਦੀਪ ਸਿੰਘ ਉਰਫ਼ ਸਾਗਾ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਮਿਲਿਆ। ਪੁਲਿਸ ਵੱਲੋਂ ਬਰਾਮਦ ਹਥਿਆਰਾਂ ਅਤੇ ਅਸਲੇ ਦੇ ਸਰੋਤ ਦਾ ਪਤਾ ਲਗਾਉਣ ਦੇ ਨਾਲ-ਨਾਲ ਮੁਲਜ਼ਮਾਂ ਦੀ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH