
ਮੋਹਾਲੀ, 15 ਅਗਸਤ (ਹਿੰ.ਸ.)| ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ (ਐੱਨਆਈਆਈਐੱਫਟੀ), ਮੋਹਾਲੀ ਵੱਲੋਂ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ), ਸੈਕਟਰ-22 ਚੰਡੀਗੜ੍ਹ ਦੇ ਸਹਿਯੋਗ ਨਾਲ ਸੰਸਥਾ ਦੇ ਕੈਂਪਸ ਵਿੱਚ ਆਜ਼ਾਦੀ ਦਿਵਸ ਦੇ ਸਬੰਧ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਸਟਾਫ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਦੇਸ਼ ਦੀ ਆਜ਼ਾਦੀ, ਦੇਸ਼ਭਗਤੀ ਅਤੇ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਯਾਦ ਕੀਤਾ।
ਸਮਾਗਮ ਦੌਰਾਨ ਖਾਦੀ, ਤਿਰੰਗੇ ਅਤੇ ਭਾਰਤ ਦੇ ਆਜ਼ਾਦੀ ਸੰਘਰਸ਼ ਵਿਚਕਾਰ ਡੂੰਘੇ ਸਬੰਧ ਨੂੰ ਵਿਸ਼ੇਸ਼ ਤੌਰ ’ਤੇ ਉਜਾਗਰ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਦੇਸ਼ਭਗਤੀ ਦੇ ਗੀਤ ਪੇਸ਼ ਕੀਤੇ ਗਏ ਅਤੇ ਸਵਦੇਸ਼ੀ ਅੰਦੋਲਨ ਤੇ ਖਾਦੀ ਦੀ ਵਿਰਾਸਤ ਤੋਂ ਪ੍ਰੇਰਿਤ ਰਚਨਾਤਮਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਕਲਾ ਰਾਹੀਂ ਆਜ਼ਾਦੀ ਸੰਘਰਸ਼ ਅਤੇ ਰਾਸ਼ਟਰੀ ਪਛਾਣ ਨੂੰ ਦਰਸਾਇਆ।
ਇਸ ਮੌਕੇ ‘ਖਾਦੀ–ਕਪਾਹ ਤੋਂ ਬੁਣੇ ਹੋਏ ਕੱਪੜੇ ਤੱਕ’ ਵਿਸ਼ੇ ’ਤੇ ਵਿਸ਼ੇਸ਼ ਮਾਹਿਰ ਸੈਸ਼ਨ ਕਰਵਾਇਆ ਗਿਆ। ਡਾ. ਪੂਨਮ ਅਗਰਵਾਲ ਠਾਕੁਰ ਅਤੇ ਕੇਵੀਆਈਸੀ ਦੇ ਰਿਸੋਰਸ ਪਰਸਨ ਵੱਲੋਂ ਕਰਵਾਏ ਇਸ ਸੈਸ਼ਨ ਵਿੱਚ ਵਿਦਿਆਰਥੀਆਂ ਨੂੰ ਖਾਦੀ ਦੇ ਇਤਿਹਾਸਕ, ਸੱਭਿਆਚਾਰਕ ਅਤੇ ਰਾਸ਼ਟਰੀ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਕੱਚੀ ਕਪਾਹ ਤੋਂ ਤਿਆਰ ਬੁਣੇ ਹੋਏ ਕੱਪੜੇ ਤੱਕ ਖਾਦੀ ਦੀ ਪੂਰੀ ਪ੍ਰਕਿਰਿਆ ਬਾਰੇ ਵੀ ਜਾਣੂ ਕਰਵਾਇਆ ਗਿਆ।
ਐੱਨਆਈਆਈਐੱਫਟੀ ਦੇ ਫੈਸ਼ਨ ਅਤੇ ਟੈਕਸਟਾਈਲ ਖੇਤਰ ਨਾਲ ਸਬੰਧ ਨੂੰ ਧਿਆਨ ਵਿੱਚ ਰੱਖਦਿਆਂ ‘ਤਿਰੰਗਾ–ਖਾਦੀ–ਆਜ਼ਾਦੀ ਅੰਦੋਲਨ ਦਾ ਸਬੰਧ’ ਵਿਸ਼ੇ ’ਤੇ ਬੈਸਟ ਡ੍ਰੈੱਸਡ ਸਟੂਡੈਂਟ ਮੁਕਾਬਲਾ ਵੀ ਕਰਵਾਇਆ ਗਿਆ। ਇਸ ਦਾ ਉਦੇਸ਼ ਨਵੀਂ ਪੀੜ੍ਹੀ ਨੂੰ 1947 ਦੇ ਦੌਰ ਨਾਲ ਰਚਨਾਤਮਕ ਢੰਗ ਨਾਲ ਜੋੜਨਾ ਅਤੇ ਆਜ਼ਾਦੀ ਅੰਦੋਲਨ ਵਿੱਚ ਫੈਸ਼ਨ, ਟੈਕਸਟਾਈਲ ਅਤੇ ਖਾਦੀ ਦੀ ਭੂਮਿਕਾ ਤੋਂ ਜਾਣੂ ਕਰਵਾਉਣਾ ਸੀ।
ਇਸ ਤੋਂ ਬਾਅਦ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਕੈਂਪਸ ਵਿੱਚ ‘ਹਰ ਘਰ ਤਿਰੰਗਾ’ ਰੈਲੀ ਕੱਢੀ ਗਈ, ਜਿਸ ਨੇ ਰਾਸ਼ਟਰੀ ਏਕਤਾ, ਮਾਣ ਅਤੇ ਦੇਸ਼ਭਗਤੀ ਦਾ ਸੰਦੇਸ਼ ਦਿੱਤਾ।
ਹਿੰਦੂਸਥਾਨ ਸਮਾਚਾਰ / GURSHARAN SINGH