
ਲੁਧਿਆਣਾ, 15 ਅਗਸਤ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਖੇਡ ਵਿਭਾਗ ਪੰਜਾਬ ਦੁਆਰਾ ਖੇਡਾਂ ਵਤਨ ਪੰਜਾਬ ਦੀਆਂ-2026 ਦੇ ਸਬੰਧ ਵਿੱਚ ਟਾਰਚ ਰਿਲੇਅ ਦੀ ਸ਼ੁਰੂਆਤ 12 ਅਗਸਤ ਨੂੰ ਜਿਲ੍ਹਾ ਸੰਗਰੂਰ ਤੋਂ ਹੋਈ ਸੀ। ਇਹ ਟਾਰਚ ਜਿਲ੍ਹਾ ਮਾਨਸਾ ਅਤੇ ਬਰਨਾਲਾ ਤੋਂ ਹੁੰਦੀ ਹੋਈ, ਬਰਨਾਲਾ ਲੁਧਿਆਣਾ ਦੇ ਬਾਰਡਰ ਤੋਂ ਜਿਲ੍ਹਾ ਲੁਧਿਆਣਾ ਦੇ ਪਿੰਡ ਦੱਧਾਹੂਰ ਵਿਖੇ ਜਿਲ੍ਹਾ ਖੇਡ ਦਫਤਰ ਲੁਧਿਆਣਾ ਦੇ ਕੋਚਿਜ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੱਧਾਹੂਰ ਦੇ ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਵੱਲੋਂ ਰਸੀਵ ਕੀਤੀ ਗਈ। ਇਸ ਉਪਰੰਤ ਇਹ ਮਸ਼ਾਲ ਲੁਧਿਆਣਾ ਦੇ ਫੁਹਾਰਾ ਚੌਂਕ ਪਹੁੰਚੀ । ਜਿੱਥੋਂ ਰਾਸ਼ਟਰ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੇ ਇਸਨੂੰ ਗੁਰੂ ਨਾਨਕ ਸਟੇਡੀਅਮ ਤੱਕ ਆਦਰ ਸਹਿਤ ਲਿਆਂਦਾ। ਇਸ ਮੌਕੇ ਤੇ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਜ) ਸ਼ਿਖਾ ਭਗਤ ਪੀ ਸੀ ਐਸ ਜੀ ਨੇ ਗੁਰੂ ਨਾਨਕ ਸਟੇਡੀਅਮ ਵਿਖੇ ਇਸ ਟਾਰਚ ਨੂੰ ਰਸੀਵ ਕੀਤਾ ਅਤੇ ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਵੱਖ ਵੱਖ ਖੇਡਾਂ ਦੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਪ੍ਰੋਤਾਸਾਹਿਤ ਕਰਦਿਆਂ ਨਸ਼ੇ ਵਰਗੀਆਂ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਅਤੇ ਤੰਦਰੁਸਤ ਰਹਿਣ ਲਈ ਵੀ ਪ੍ਰੇਰਿਤ ਕੀਤਾ। ਜਿਲ੍ਹਾ ਖੇਡ ਅਫਸਰ ਮਨਦੀਪ ਕੌਸ਼ਲ ਦੁਆਰਾ ਖਿਡਾਰੀਆਂ ਨੂੰ ਖੇਡਾਂ ਵਤਨ ਪੰਜਾਬ ਦੀਆਂ -2026 ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੋਤਸਾਹਿਤ ਕੀਤਾ । ਇਸ ਮੌਕੇ ਤੇ ਤੇਜਾ ਸਿੰਘ ਧਾਲੀਵਾਲ ਜੀ ਸਕੱਤਰ ਪੰਜਾਬ ਬਾਸਕਟਬਾਲ ਐਸੋਸੀਏਸ਼ਨ, ਸੁਖਦੇਵ ਸਿੰਘ ਪੰਨੂ ਦਰੋਣਾਚਾਰੀਆਂ ਐਵਾਰਡੀ, ਪਰਵੇਸ਼ ਚੰਦਰ ਸ਼ਰਮਾ ਵੇਟਲਿਫਟਿੰਗ ਲਗਾਤਾਰ 3 ਵਾਰ ਕਾਮਨ ਵੈਲਥ ਚੈਂਪੀਅਨ, ਪ੍ਰੇਮ ਸਿੰਘ ਅੰਤਰਰਾਸ਼ਟਰੀ ਐਥਲੀਟ, ਸੰਜੀਵ ਸਰਮਾ ਐਥਲੈਟਿਕਸ ਕੋਚ( ਨੋਡਲ ਅਫਸਰ ਖੇਡਾਂ ਵਤਨ ਪੰਜਾਬ ਦੀਆਂ-2026 ਲੁਧਿਆਣਾ), ਸਤਵਿੰਦਰ ਸਿੰਘ ਸਾਈਕਲਿੰਗ ਕੋਚ, ਗੁਰਜੀਤ ਸਿੰਘ ਸ਼ੂਟਿੰਗ ਕੋਚ, ਸ਼ੁਭਕਰਨਜੀਤ ਸਿੰਘ ਵੇਟਲਿਫਟਿੰਗ ਕੋਚ, ਗੁਰਪ੍ਰੀਤ ਸਿੰਘ ਹੈਂਡਬਾਲ ਕੋਚ, ਪ੍ਰਵੀਨ ਠਾਕੁਰ ਜੂਡੋ ਕੋਚ, ਗਰਪ੍ਰੀਤ ਸਿੰਘ ਐਥਲੈਟਿਕਸ ਕੋਚ, ਸ਼ੇਲਜਾ ਜਿਮਨਾਸਟਿਕ ਕੋਚ, ਸਲੋਨੀ ਬਾਸਕਟਬਾਲ ਕੋਚ ਸ਼ਾਮਿਲ ਸਨ। ਇਹ ਮਸ਼ਾਲ ਅੱਜ ਸ਼ਾਮ ਮਲੇਰਕੋਟਲਾ ਲੁਧਿਆਣਾ ਬਾਰਡਰ ਦੇ ਪਿੰਡ ਪੋਹੀੜ ਵਿਖੇ ਜਿਲ੍ਹਾ ਮਲੇਰਕੋਟਲਾ ਦੇ ਖੇਡ ਦਫਤਰ ਦੇ ਕੋਚਿਜ ਨੂੰ ਆਦਰ ਸਹਿਤ ਰਸੀਵ ਕਰਵਾ ਦਿੱਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH