
ਤਰਨਤਾਰਨ, 15 ਅਗਸਤ (ਹਿੰ.ਸ.)| ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਵਿੱਚ ਦੇਰ ਰਾਤ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਘਰ ਦੇ ਬਾਹਰੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀਬਾਰੀ ਵਿੱਚ ਘਰ ਵਿੱਚ ਮੌਜੂਦ ਮਹਿਲਾ ਅਮਰਜੀਤ ਕੌਰ ਜ਼ਖਮੀ ਹੋ ਗਈ। ਉਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਮਲਟੀ ਸਪੈਸ਼ਲਿਟੀ ਹਸਪਤਾਲ, ਤਰਨਤਾਰਨ ਵਿਖੇ ਦਾਖਲ ਕਰਵਾਇਆ ਗਿਆ ਹੈ।ਜਾਣਕਾਰੀ ਅਨੁਸਾਰ ਪੰਡੋਰੀ ਗੋਲਾ ਵਾਸੀ ਸੁਖਦੇਵ ਸਿੰਘ ਦੀ ਪਤਨੀ ਅਮਰਜੀਤ ਕੌਰ ਆਪਣੇ ਪਰਿਵਾਰ ਸਮੇਤ ਘਰ ਵਿੱਚ ਸੁੱਤੀ ਹੋਈ ਸੀ। ਦੇਰ ਰਾਤ ਜਦੋਂ ਉਹ ਆਪਣੇ ਕਮਰੇ ਤੋਂ ਬਾਥਰੂਮ ਜਾਣ ਲਈ ਬਾਹਰ ਨਿਕਲਣ ਲੱਗੀ ਤਾਂ ਘਰ ਦੇ ਬਾਹਰ ਮੋਟਰਸਾਈਕਲ ’ਤੇ ਖੜ੍ਹੇ ਦੋ ਵਿਅਕਤੀਆਂ ਨੇ ਅਚਾਨਕ ਗੋਲੀਆਂ ਚਲਾ ਦਿੱਤੀਆਂ।ਇੱਕ ਗੋਲੀ ਦਰਵਾਜ਼ੇ ਨੂੰ ਪਾਰ ਕਰਦਿਆਂ ਅਮਰਜੀਤ ਕੌਰ ਦੀ ਪੱਟ ਵਿੱਚ ਲੱਗੀ, ਜਦਕਿ ਦੂਜੀ ਗੋਲੀ ਉਸ ਦੇ ਸਿਰ ਦੇ ਉੱਪਰੋਂ ਲੰਘ ਗਈ। ਗੋਲੀ ਲੱਗਣ ਕਾਰਨ ਅਮਰਜੀਤ ਕੌਰ ਖੂਨ ਨਾਲ ਲਥਪਥ ਹੋ ਕੇ ਜ਼ਮੀਨ ’ਤੇ ਡਿੱਗ ਪਈ ਅਤੇ ਮਦਦ ਲਈ ਰੌਲਾ ਪਾਇਆ। ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।ਵਾਰਦਾਤ ਤੋਂ ਬਾਅਦ ਦੋਵੇਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ਮਿਲਣ ’ਤੇ ਸਦਰ ਥਾਣਾ ਤਰਨਤਾਰਨ ਦੇ ਡਿਊਟੀ ਅਫਸਰ ਗੁਰਵਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।ਡੀਐਸਪੀ ਗੋਇੰਦਵਾਲ ਸਾਹਿਬ ਹਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਹਮਲੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਅਮਰਜੀਤ ਕੌਰ ਗੋਲੀ ਲੱਗਣ ਕਾਰਨ ਜ਼ਖਮੀ ਹੋਈ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸਦਰ ਥਾਣਾ ਤਰਨਤਾਰਨ ਵਿਖੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਹਮਲਾਵਰਾਂ ਦੀ ਪਛਾਣ ਅਤੇ ਉਨ੍ਹਾਂ ਦੇ ਮਕਸਦ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH