
ਚੰਡੀਗੜ੍ਹ, 16 ਅਗਸਤ (ਹਿੰ.ਸ.)| ਪੰਜਾਬ ਸਕੂਲ ਸਿੱਖਿਆ ਬੋਰਡ ਦੇ ਫਰਜ਼ੀ ਸਰਟੀਫਿਕੇਟਾਂ ਰਾਹੀਂ ਪੰਜਾਬ ਪੁਲਿਸ ਅਤੇ ਹਿਮਾਚਲ ਪ੍ਰਦੇਸ਼ ਦੇ ਪਸ਼ੂ ਪਾਲਣ ਵਿਭਾਗ ਵਿੱਚ ਨੌਕਰੀ ਹਾਸਲ ਕਰਨ ਦੇ ਮਾਮਲੇ ਸਾਹਮਣੇ ਆਏ ਹਨ। ਬੋਰਡ ਕੋਲ ਤਸਦੀਕ ਲਈ ਭੇਜੇ ਗਏ ਦੋ ਸਰਟੀਫਿਕੇਟਾਂ ਦੀ ਜਾਂਚ ਦੌਰਾਨ ਦੋਵੇਂ ਜਾਅਲੀ ਪਾਏ ਗਏ। ਇਸ ਤੋਂ ਬਾਅਦ ਬੋਰਡ ਨੇ ਦੋਵੇਂ ਉਮੀਦਵਾਰਾਂ ਨੂੰ ਆਪਣੇ ਰਿਕਾਰਡ ਵਿੱਚ ਬਲੈਕਲਿਸਟ ਕਰ ਦਿੱਤਾ ਹੈ ਅਤੇ ਅਗਲੀ ਕਾਰਵਾਈ ਲਈ ਸਬੰਧਤ ਵਿਭਾਗਾਂ ਨੂੰ ਪੱਤਰ ਭੇਜਿਆ ਹੈ।ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਡਿਪਟੀ ਡਾਇਰੈਕਟਰ, ਐਨੀਮਲ ਹਸਬੈਂਡਰੀ, ਨਾਹਨ ਵੱਲੋਂ 12ਵੀਂ ਜਮਾਤ ਦਾ ਇੱਕ ਸਰਟੀਫਿਕੇਟ ਤਸਦੀਕ ਲਈ ਭੇਜਿਆ ਗਿਆ ਸੀ। ਇਹ ਸਰਟੀਫਿਕੇਟ ਸਾਲ 2009 ਦਾ ਸੀ ਅਤੇ ਕਰੁਣ ਕੁਮਾਰ ਦੇ ਨਾਮ ’ਤੇ ਜਾਰੀ ਹੋਇਆ ਦਰਸਾਇਆ ਗਿਆ ਸੀ। ਇਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੋਪੜ ਦਾ ਜ਼ਿਕਰ ਕੀਤਾ ਗਿਆ ਸੀ।ਜਾਂਚ ਦੌਰਾਨ ਸਾਹਮਣੇ ਆਇਆ ਕਿ ਸਰਟੀਫਿਕੇਟ ’ਤੇ ਦਰਜ ਰੋਲ ਨੰਬਰ ਪਟਿਆਲਾ ਜ਼ਿਲ੍ਹੇ ਦੇ ਜਗਜੀਤ ਸਿੰਘ ਨੂੰ ਜਾਰੀ ਕੀਤਾ ਗਿਆ ਸੀ ਅਤੇ ਉਹ ਪ੍ਰੀਖਿਆ ਵਿੱਚ ਪਾਸ ਹੋਇਆ ਸੀ। ਕਰੁਣ ਕੁਮਾਰ ਦੇ ਨਾਮ ’ਤੇ ਅਜਿਹਾ ਕੋਈ ਰੋਲ ਨੰਬਰ ਜਾਰੀ ਨਹੀਂ ਕੀਤਾ ਗਿਆ ਸੀ। ਇਸ ਜਾਂਚ ਤੋਂ ਬਾਅਦ ਸਰਟੀਫਿਕੇਟ ਨੂੰ ਜਾਅਲੀ ਕਰਾਰ ਦਿੱਤਾ ਗਿਆ।ਪੰਜਾਬ ਪੁਲਿਸ ਵੱਲੋਂ ਸਾਲ 2011 ਵਿੱਚ ਰਾਜਬੀਰ ਸਿੰਘ ਦੇ ਨਾਮ ’ਤੇ ਜਾਰੀ ਦੱਸਿਆ ਗਿਆ 12ਵੀਂ ਜਮਾਤ ਦਾ ਇੱਕ ਸਰਟੀਫਿਕੇਟ ਵੀ ਤਸਦੀਕ ਲਈ ਬੋਰਡ ਕੋਲ ਭੇਜਿਆ ਗਿਆ ਸੀ। ਸਰਟੀਫਿਕੇਟ ’ਤੇ ਦਰਜ ਰੋਲ ਨੰਬਰ ਬੋਰਡ ਦੇ ਰਿਕਾਰਡ ਵਿੱਚ ਕਿਸੇ ਵੀ ਉਮੀਦਵਾਰ ਨੂੰ ਜਾਰੀ ਨਹੀਂ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਰਟੀਫਿਕੇਟ ’ਤੇ ਦਰਜ ਹੋਰ ਵੇਰਵੇ ਵੀ ਬੋਰਡ ਦੇ ਅਸਲ ਰਿਕਾਰਡ ਨਾਲ ਮੇਲ ਨਹੀਂ ਖਾਂਦੇ ਸਨ। ਜਾਂਚ ਤੋਂ ਬਾਅਦ ਬੋਰਡ ਨੇ ਇਸ ਨੂੰ ਫਰਜ਼ੀ ਐਲਾਨ ਕੇ ਜ਼ਬਤ ਕਰ ਲਿਆ।ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਫਰਜ਼ੀ ਸਰਟੀਫਿਕੇਟਾਂ ਰਾਹੀਂ ਰੇਲਵੇ, ਭਾਰਤੀ ਫੌਜ, ਯੂਨੀਵਰਸਿਟੀਆਂ ਅਤੇ ਪਾਸਪੋਰਟ ਦਫ਼ਤਰ ਸਮੇਤ ਕਈ ਅਦਾਰਿਆਂ ਵਿੱਚ ਨੌਕਰੀ ਜਾਂ ਹੋਰ ਲਾਭ ਹਾਸਲ ਕਰਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਕੋਲ ਹਰ ਮਹੀਨੇ ਕਰੀਬ 2 ਹਜ਼ਾਰ ਤੋਂ ਵੱਧ ਸਰਟੀਫਿਕੇਟ ਤਸਦੀਕ ਲਈ ਪਹੁੰਚਦੇ ਹਨ। ਜਾਂਚ ਦੌਰਾਨ ਜਾਅਲੀ ਪਾਏ ਜਾਣ ਵਾਲੇ ਸਰਟੀਫਿਕੇਟਾਂ ਦੇ ਮਾਮਲਿਆਂ ਵਿੱਚ ਬੋਰਡ ਸਬੰਧਤ ਉਮੀਦਵਾਰਾਂ ਨੂੰ ਆਪਣੇ ਰਿਕਾਰਡ ਵਿੱਚ ਬਲੈਕਲਿਸਟ ਕਰਦਾ ਹੈ ਅਤੇ ਅਗਲੀ ਕਾਰਵਾਈ ਲਈ ਸਬੰਧਤ ਵਿਭਾਗ ਨੂੰ ਪੱਤਰ ਭੇਜਦਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH