
ਚੰਡੀਗੜ੍ਹ, 16 ਅਗਸਤ (ਹਿੰ.ਸ.)| ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਗੁਰੂਗ੍ਰਾਮ ਸਥਿਤ ਮੇਦਾਂਤਾ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਮਹਾਰਾਸ਼ਟਰ ਦੇ ਨਾਂਦੇੜ ਸਥਿਤ ਗੁਰਦੁਆਰਾ ਮਾਤਾ ਸਾਹਿਬ ਵਿਖੇ ਹੋਏ ਹਮਲੇ ਤੋਂ ਬਾਅਦ ਉਨ੍ਹਾਂ ਨੂੰ 14 ਅਗਸਤ ਨੂੰ ਇਲਾਜ ਲਈ ਮੇਦਾਂਤਾ ਹਸਪਤਾਲ ਲਿਆਂਦਾ ਗਿਆ ਸੀ।ਇਸ ਦੌਰਾਨ ਸੁਖਬੀਰ ਬਾਦਲ ਦੀ ਜ਼ਖ਼ਮੀ ਬਾਂਹ ’ਤੇ ਲੱਗੇ ਟਾਂਕਿਆਂ ਦੀ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ। ਉਨ੍ਹਾਂ ਦੀ ਪਤਨੀ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਸੁਖਬੀਰ ਬਾਦਲ ਦੀ ਬਾਂਹ ’ਤੇ 150 ਤੋਂ ਵੱਧ ਟਾਂਕੇ ਲੱਗੇ ਹਨ। ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਹਮਲਾਵਰ ਨੇ ਲਗਭਗ ਡੇਢ ਫੁੱਟ ਲੰਬੀ ਕਿਰਚ ਨਾਲ ਸੁਖਬੀਰ ਬਾਦਲ ਦੀ ਛਾਤੀ ’ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ, ਸੁਖਬੀਰ ਬਾਦਲ ਵੱਲੋਂ ਹੱਥ ਅੱਗੇ ਕਰਨ ਕਾਰਨ ਕਿਰਚ ਛਾਤੀ ਦੀ ਬਜਾਏ ਬਾਂਹ ਵਿੱਚ ਲੱਗੀ ਅਤੇ ਬਾਂਹ ਦੇ ਆਰ-ਪਾਰ ਹੋ ਗਈ।ਉਨ੍ਹਾਂ ਇਸ ਮਾਮਲੇ ਨੂੰ ਸਾਜ਼ਿਸ਼ ਕਰਾਰ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਹਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਹਰਸਿਮਰਤ ਨੇ ਕਿਹਾ ਕਿ ਜਾਂਚ ਰਾਹੀਂ ਹਮਲੇ ਦੇ ਪਿੱਛੇ ਮੌਜੂਦ ਲੋਕਾਂ ਅਤੇ ਸੰਭਾਵਿਤ ਸਾਜ਼ਿਸ਼ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ।ਦੂਜੇ ਪਾਸੇ, ਪੁਲਿਸ ਵੱਲੋਂ ਕਾਬੂ ਕੀਤੇ ਗਏ ਨਿਹੰਗ ਜਸਪਾਲ ਸਿੰਘ ਨੇ ਪੁੱਛਗਿੱਛ ਦੌਰਾਨ ਦਾਅਵਾ ਕੀਤਾ ਹੈ ਕਿ ਉਸ ਨੂੰ ਹਮਲਾ ਕਰਨ ਦਾ ਹੁਕਮ ਗੁਰੂ ਸਾਹਿਬ ਤੋਂ ਮਿਲਿਆ ਸੀ। ਉਸਦੇ ਮੁਤਾਬਕ, ਜਦੋਂ ਉਹ ਨਾਂਦੇੜ ਦੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰ ਰਿਹਾ ਸੀ ਤਾਂ ਉਸ ਨੂੰ ਅਜਿਹਾ ਹੁਕਮ ਮਿਲਿਆ ਅਤੇ ਬਾਅਦ ਵਿੱਚ ਸੁਖਬੀਰ ਸਿੰਘ ਬਾਦਲ ਸਾਹਮਣੇ ਆਉਣ ’ਤੇ ਉਸ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਸੁਖਬੀਰ ਬਾਦਲ ’ਤੇ 13 ਅਗਸਤ ਨੂੰ ਨਾਂਦੇੜ ਵਿੱਚ ਹਮਲਾ ਹੋਇਆ ਸੀ। ਹਮਲੇ ਦੌਰਾਨ ਉਨ੍ਹਾਂ ਦੀ ਬਾਂਹ ’ਤੇ ਗੰਭੀਰ ਸੱਟ ਲੱਗੀ ਸੀ। ਇਲਾਜ ਤੋਂ ਬਾਅਦ ਹੁਣ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH