
ਚੰਡੀਗੜ੍ਹ, 17 ਅਗਸਤ (ਹਿੰ.ਸ.)| ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਪ੍ਰਦੇਸ਼ ਵੱਲੋਂ ਪਾਰਟੀ ਅਨੁਸ਼ਾਸਨ ਨੂੰ ਸਰਵੋਚ ਤਰਜੀਹ ਦਿੰਦਿਆਂ ਵਾਰਡ ਨੰਬਰ 14 ਦੇ ਕੌਂਸਲਰ ਕੁਲਜੀਤ ਸਿੰਘ ਸੰਧੂ ਨੂੰ ਪਾਰਟੀ ਲੀਡਰਸ਼ਿਪ ਦੇ ਖਿਲਾਫ਼ ਜਨਤਕ ਤੌਰ ’ਤੇ ਬਿਆਨਬਾਜ਼ੀ ਕਰਨ ਦੇ ਮਾਮਲੇ ਵਿੱਚ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਭਾਜਪਾ ਚੰਡੀਗੜ੍ਹ ਪ੍ਰਦੇਸ਼ ਦੇ ਮਹਾਮੰਤਰੀ ਰਾਮਵੀਰ ਭੱਟੀ ਵੱਲੋਂ ਜਾਰੀ ਕੀਤਾ ਗਿਆ ਹੈ।
ਪ੍ਰਦੇਸ਼ ਮਹਾਮੰਤਰੀ ਰਾਮਵੀਰ ਭੱਟੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇੱਕ ਅਨੁਸ਼ਾਸਿਤ ਰਾਜਨੀਤਿਕ ਸੰਗਠਨ ਹੈ, ਜਿੱਥੇ ਸੰਗਠਨ ਦੀ ਮਰਿਆਦਾ, ਅਨੁਸ਼ਾਸਨ ਅਤੇ ਸਾਂਝੀ ਲੀਡਰਸ਼ਿਪ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ ਜਾਂਦਾ ਹੈ। ਪਾਰਟੀ ਦੇ ਹਰੇਕ ਵਰਕਰ ਅਤੇ ਚੁਣੇ ਹੋਏ ਨੁਮਾਇੰਦੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸੰਗਠਨ ਦੀ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਨਿਸ਼ਠਾ ਅਤੇ ਸੰਯਮ ਨਾਲ ਨਿਭਾਏ।
ਉਨ੍ਹਾਂ ਕਿਹਾ ਕਿ ਪਾਰਟੀ ਲੀਡਰਸ਼ਿਪ ਦੇ ਖਿਲਾਫ਼ ਜਨਤਕ ਤੌਰ ’ਤੇ ਬਿਆਨਬਾਜ਼ੀ ਕਰਨਾ ਸੰਗਠਨਾਤਮਕ ਅਨੁਸ਼ਾਸਨ ਦੇ ਅਨੁਕੂਲ ਨਹੀਂ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੌਂਸਲਰ ਕੁਲਜੀਤ ਸਿੰਘ ਸੰਧੂ ਤੋਂ ਸਪਸ਼ਟੀਕਰਨ ਮੰਗਿਆ ਗਿਆ ਹੈ ਅਤੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਰਾਮਵੀਰ ਭੱਟੀ ਨੇ ਸਪੱਸ਼ਟ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਨੂੰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਮਜ਼ਬੂਤ ਸੰਗਠਨਾਤਮਕ ਢਾਂਚਾ ਅਨੁਸ਼ਾਸਨ, ਸਾਂਝੀ ਲੀਡਰਸ਼ਿਪ ਅਤੇ ਵਰਕਰਾਂ ਦੀ ਏਕਤਾ ’ਤੇ ਆਧਾਰਿਤ ਹੈ।
ਉਨ੍ਹਾਂ ਕਿਹਾ ਕਿ ਹਰ ਵਰਕਰ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ, ਪਰ ਸੰਗਠਨ ਨਾਲ ਜੁੜੇ ਮਾਮਲੇ ਜਨਤਕ ਬਿਆਨਬਾਜ਼ੀ ਦੀ ਬਜਾਏ ਪਾਰਟੀ ਦੇ ਨਿਰਧਾਰਤ ਮੰਚ ਅਤੇ ਸੰਗਠਨਾਤਮਕ ਪ੍ਰਕਿਰਿਆ ਰਾਹੀਂ ਉਠਾਏ ਜਾਣੇ ਚਾਹੀਦੇ ਹਨ। ਭਾਜਪਾ ਆਪਣੇ ਹਰ ਵਰਕਰ ਦੇ ਵਿਚਾਰਾਂ ਅਤੇ ਭਾਵਨਾਵਾਂ ਦਾ ਸਤਿਕਾਰ ਕਰਦੀ ਹੈ, ਪਰ ਸੰਗਠਨ ਦੀ ਮਰਿਆਦਾ ਅਤੇ ਅਨੁਸ਼ਾਸਨ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਰਾਮਵੀਰ ਭੱਟੀ ਨੇ ਕਿਹਾ ਕਿ ਕਾਰਨ ਦੱਸੋ ਨੋਟਿਸ ਜਾਰੀ ਕਰਨਾ ਪਾਰਟੀ ਦੀ ਨਿਰਧਾਰਤ ਅਨੁਸ਼ਾਸਨਾਤਮਕ ਪ੍ਰਕਿਰਿਆ ਦਾ ਹਿੱਸਾ ਹੈ ਅਤੇ ਇਸ ਰਾਹੀਂ ਸੰਬੰਧਿਤ ਵਿਅਕਤੀ ਨੂੰ ਸੰਗਠਨ ਦੇ ਸਾਹਮਣੇ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਂਦਾ ਹੈ।
ਉਨ੍ਹਾਂ ਆਸ ਪ੍ਰਗਟਾਈ ਕਿ ਸੰਬੰਧਿਤ ਕੌਂਸਲਰ ਪਾਰਟੀ ਦੇ ਸਾਹਮਣੇ ਆਪਣਾ ਸਪਸ਼ਟੀਕਰਨ ਪੇਸ਼ ਕਰਨਗੇ ਅਤੇ ਭਵਿੱਖ ਵਿੱਚ ਸੰਗਠਨ ਦੀ ਮਰਿਆਦਾ ਅਤੇ ਅਨੁਸ਼ਾਸਨ ਦੀ ਪੂਰੀ ਤਰ੍ਹਾਂ ਪਾਲਣਾ ਕਰਨਗੇ। ਉਨ੍ਹਾਂ ਦੁਹਰਾਇਆ ਕਿ ਏਕਤਾ, ਅਨੁਸ਼ਾਸਨ ਅਤੇ ਸਾਂਝੀ ਲੀਡਰਸ਼ਿਪ ਹੀ ਭਾਰਤੀ ਜਨਤਾ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਸੰਗਠਨਾਤਮਕ ਅਨੁਸ਼ਾਸਨ ਦੇ ਨਿਯਮ ਹਰ ਕਿਸੇ ’ਤੇ ਬਰਾਬਰ ਲਾਗੂ ਹੁੰਦੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH