
ਚੰਡੀਗੜ੍ਹ, 17 ਅਗਸਤ (ਹਿੰ.ਸ.)| ਦੇਸ਼ ਵਿੱਚ 1 ਜੁਲਾਈ 2024 ਤੋਂ ਲਾਗੂ ਕੀਤੇ ਗਏ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਤਹਿਤ ਐਫਆਈਆਰ ਦਰਜ ਕਰਨ ਦੇ ਮਾਮਲੇ ਵਿੱਚ ਹਰਿਆਣਾ ਸਭ ਤੋਂ ਅੱਗੇ ਰਿਹਾ ਹੈ, ਜਦਕਿ ਜਾਂਚ ਪੂਰੀ ਕਰਕੇ ਚਾਰਜਸ਼ੀਟ ਜਾਂ ਫਾਈਨਲ ਰਿਪੋਰਟ ਦਾਖ਼ਲ ਕਰਨ ਦੀ ਦਰ ਵਿੱਚ ਚੰਡੀਗੜ੍ਹ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਕੇਂਦਰ ਸਰਕਾਰ ਦੀ ਰਿਪੋਰਟ ਵਿੱਚ 1 ਜੁਲਾਈ 2024 ਤੋਂ 17 ਜੁਲਾਈ 2026 ਰਾਤ 11:59 ਵਜੇ ਤੱਕ ਦੇ ਅੰਕੜੇ ਸ਼ਾਮਲ ਕੀਤੇ ਗਏ ਹਨ।
ਰਿਪੋਰਟ ਮੁਤਾਬਕ ਨਵੇਂ ਕਾਨੂੰਨਾਂ ਤਹਿਤ ਹਰਿਆਣਾ ਵਿੱਚ ਸਭ ਤੋਂ ਵੱਧ 2,16,816 ਮਾਮਲੇ ਦਰਜ ਹੋਏ। ਇਸ ਤੋਂ ਬਾਅਦ ਪੰਜਾਬ ਵਿੱਚ 91,407 ਅਤੇ ਚੰਡੀਗੜ੍ਹ ਵਿੱਚ 7,219 ਮਾਮਲੇ ਦਰਜ ਕੀਤੇ ਗਏ। ਇਸ ਤਰ੍ਹਾਂ ਐਫਆਈਆਰ ਦਰਜ ਕਰਨ ਦੇ ਮਾਮਲੇ ਵਿੱਚ ਹਰਿਆਣਾ ਤਿੰਨਾਂ ਖੇਤਰਾਂ ਵਿੱਚ ਪਹਿਲੇ ਸਥਾਨ ’ਤੇ ਰਿਹਾ।
ਜਾਂਚ ਪੂਰੀ ਕਰਕੇ ਚਾਰਜਸ਼ੀਟ ਜਾਂ ਫਾਈਨਲ ਰਿਪੋਰਟ ਦਾਖ਼ਲ ਕਰਨ ਵਿੱਚ ਚੰਡੀਗੜ੍ਹ ਨੇ 91.8 ਫੀਸਦੀ ਦੀ ਦਰ ਨਾਲ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ। ਇੱਥੇ ਦਰਜ 7,219 ਮਾਮਲਿਆਂ ਵਿੱਚੋਂ 6,629 ਮਾਮਲਿਆਂ ਵਿੱਚ ਕਾਰਵਾਈ ਪੂਰੀ ਕੀਤੀ ਜਾ ਚੁੱਕੀ ਹੈ।
ਹਰਿਆਣਾ 89.8 ਫੀਸਦੀ ਦੀ ਦਰ ਨਾਲ ਦੂਜੇ ਸਥਾਨ ’ਤੇ ਰਿਹਾ। ਸੂਬੇ ਵਿੱਚ ਦਰਜ 2,16,816 ਮਾਮਲਿਆਂ ਵਿੱਚੋਂ 1,94,787 ਮਾਮਲਿਆਂ ਵਿੱਚ ਜਾਂਚ ਪੂਰੀ ਕਰਕੇ ਚਾਰਜਸ਼ੀਟ ਜਾਂ ਫਾਈਨਲ ਰਿਪੋਰਟ ਦਾਖ਼ਲ ਕੀਤੀ ਗਈ।
ਦੂਜੇ ਪਾਸੇ ਪੰਜਾਬ ਇਸ ਮਾਮਲੇ ਵਿੱਚ ਕਾਫ਼ੀ ਪਿੱਛੇ ਰਿਹਾ। ਸੂਬੇ ਵਿੱਚ ਦਰਜ 91,407 ਮਾਮਲਿਆਂ ਵਿੱਚੋਂ ਸਿਰਫ਼ 40,236 ਮਾਮਲਿਆਂ ਵਿੱਚ ਚਾਰਜਸ਼ੀਟ ਜਾਂ ਫਾਈਨਲ ਰਿਪੋਰਟ ਦਾਖ਼ਲ ਹੋ ਸਕੀ। ਪੰਜਾਬ ਦੀ ਨਿਪਟਾਰਾ ਦਰ 44 ਫੀਸਦੀ ਰਹੀ।
ਰਿਪੋਰਟ ਅਨੁਸਾਰ ਹਿਮਾਚਲ ਪ੍ਰਦੇਸ਼ ਵਿੱਚ ਨਵੇਂ ਕਾਨੂੰਨਾਂ ਤਹਿਤ ਚਾਰਜਸ਼ੀਟ ਦਾਖ਼ਲ ਕਰਨ ਦੀ ਦਰ ਕਰੀਬ 70 ਫੀਸਦੀ ਰਹੀ। ਖੇਤਰਫਲ ਅਤੇ ਆਬਾਦੀ ਦੇ ਪੱਖੋਂ ਛੋਟਾ ਹੋਣ ਦੇ ਬਾਵਜੂਦ ਚੰਡੀਗੜ੍ਹ ਨੇ ਜਾਂਚ ਪੂਰੀ ਕਰਨ ਅਤੇ ਰਿਪੋਰਟ ਦਾਖ਼ਲ ਕਰਨ ਦੇ ਮਾਮਲੇ ਵਿੱਚ ਬਿਹਤਰ ਕਾਰਗੁਜ਼ਾਰੀ ਦਿਖਾਈ ਹੈ। ਜ਼ਿਕਰਯੋਗ ਹੈ ਕਿ ਤਿੰਨੋਂ ਨਵੇਂ ਅਪਰਾਧਿਕ ਕਾਨੂੰਨਾਂ ਦੀ ਸ਼ੁਰੂਆਤ ਚੰਡੀਗੜ੍ਹ ਤੋਂ ਕੀਤੀ ਗਈ ਸੀ।
ਹਿੰਦੂਸਥਾਨ ਸਮਾਚਾਰ / GURSHARAN SINGH