
ਮੋਗਾ, 17 ਅਗਸਤ (ਹਿੰ.ਸ.)| ਜ਼ਿਲ੍ਹਾ ਮੋਗਾ ਦੇ ਸੀਆਈਏ ਸਟਾਫ ਨੇ ਨਸ਼ਾ ਤਸਕਰਾਂ ਖ਼ਿਲਾਫ਼ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਟੀਮ ਨੇ ਇੱਕ ਕਥਿਤ ਅੰਤਰਰਾਸ਼ਟਰੀ ਪੱਧਰ ਦੇ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ 4 ਕਿਲੋ 500 ਗ੍ਰਾਮ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ 25 ਸਾਲਾ ਪ੍ਰੇਮ ਮਸੀਹ ਵਾਸੀ ਹਾਸ਼ਮਪੁਰਾ, ਥਾਣਾ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਜੋਂ ਹੋਈ ਹੈ।ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮੋਗਾ ਦੇ ਐੱਸਐੱਸਪੀ ਸਾਰਤਾਜ ਸਿੰਘ ਚਾਹਲ (ਆਈਪੀਐੱਸ) ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਐੱਸਪੀ ਹੈੱਡਕੁਆਰਟਰ ਸੰਦੀਪ ਸਿੰਘ ਮੰਡ ਅਤੇ ਐੱਸਪੀ ਇਨਵੈਸਟੀਗੇਸ਼ਨ ਬਾਲ ਕ੍ਰਿਸ਼ਨ ਸਿੰਗਲਾ ਦੀ ਨਿਗਰਾਨੀ ਹੇਠ ਸੀਆਈਏ ਸਟਾਫ ਦੀ ਟੀਮ ਲਗਾਤਾਰ ਗਸ਼ਤ ਕਰ ਰਹੀ ਸੀ।
ਪੁਲਿਸ ਮੁਤਾਬਕ 13 ਅਗਸਤ ਨੂੰ ਸੀਆਈਏ ਸਟਾਫ ਦੀ ਟੀਮ ਸ਼ੱਕੀ ਵਿਅਕਤੀਆਂ ਦੀ ਭਾਲ ਵਿੱਚ ਮੋਗਾ ਕੈਂਪ ਤੋਂ ਥਾਣਾ ਬਧਨੀ ਕਲਾਂ ਵੱਲ ਜਾ ਰਹੀ ਸੀ। ਜਦੋਂ ਪੁਲਿਸ ਟੀਮ ਮੋਗਾ-ਬਰਨਾਲਾ ਰੋਡ ’ਤੇ ਪਿੰਡ ਬੁੱਟਰ ਕਲਾਂ ਸਥਿਤ ਨਾਇਰ ਪੈਟਰੋਲ ਪੰਪ ਨੇੜੇ ਪਹੁੰਚੀ ਤਾਂ ਇੱਕ ਮੁਖ਼ਬਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਪ੍ਰੇਮ ਮਸੀਹ ਵੱਡੇ ਪੱਧਰ ’ਤੇ ਹੈਰੋਇਨ ਦੀ ਤਸਕਰੀ ਕਰਦਾ ਹੈ ਅਤੇ ਇਸ ਸਮੇਂ ਪੁਰਾਣੇ ਪੁਲ ਨਹਿਰ ਬਧਨੀ ਕਲਾਂ ਨੇੜੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ।
ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਘੇਰਾਬੰਦੀ ਕੀਤੀ ਅਤੇ ਪ੍ਰੇਮ ਮਸੀਹ ਨੂੰ ਕਾਬੂ ਕਰ ਲਿਆ। ਨਿਯਮਾਂ ਅਨੁਸਾਰ ਕੀਤੀ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਇੱਕ ਪਾਰਦਰਸ਼ੀ ਮੋਮੀ ਲਿਫਾਫੇ ਵਿੱਚੋਂ 4 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਹੋਈ।ਪੁਲਿਸ ਨੇ ਬਰਾਮਦਗੀ ਤੋਂ ਬਾਅਦ ਥਾਣਾ ਬਧਨੀ ਕਲਾਂ ਵਿੱਚ ਐੱਨਡੀਪੀਐੱਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਐੱਸਐੱਸਪੀ ਸਾਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।ਪੁਲਿਸ ਹੁਣ ਰਿਮਾਂਡ ਦੌਰਾਨ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਹੈਰੋਇਨ ਦੀ ਇਹ ਵੱਡੀ ਖੇਪ ਉਹ ਕਿੱਥੋਂ ਲੈ ਕੇ ਆਇਆ ਸੀ ਅਤੇ ਇਸ ਨੂੰ ਅੱਗੇ ਕਿੱਥੇ ਸਪਲਾਈ ਕੀਤਾ ਜਾਣਾ ਸੀ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਨਸ਼ਾ ਤਸਕਰੀ ਦੇ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਤਸਕਰਾਂ ਬਾਰੇ ਵੀ ਅਹਿਮ ਖੁਲਾਸੇ ਹੋ ਸਕਦੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH