
ਚੰਡੀਗੜ੍ਹ, 17 ਅਗਸਤ (ਹਿੰ.ਸ.)| ਪੰਜਾਬ ਸਰਕਾਰ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਘੱਟ ਗਿਣਤੀ ਬਹੁਲ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 8.33 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕਰਕੇ ਜਾਰੀ ਕੀਤੀ ਹੈ। ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਰਾਸ਼ੀ ਨਾਲ ਗੁਰਦਾਸਪੁਰ, ਕਲਾਨੌਰ, ਡੇਰਾ ਬਾਬਾ ਨਾਨਕ ਅਤੇ ਧਾਰੀਵਾਲ ਬਲਾਕਾਂ ਵਿੱਚ ਵੱਖ-ਵੱਖ ਵਿਕਾਸ ਕਾਰਜ ਮੁਕੰਮਲ ਕੀਤੇ ਜਾਣਗੇ।ਡਾ. ਬਲਜੀਤ ਕੌਰ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਘੱਟ ਗਿਣਤੀ ਭਾਈਚਾਰਿਆਂ ਦੇ ਵਿਦਿਅਕ, ਸਮਾਜਿਕ ਅਤੇ ਆਰਥਿਕ ਸਸ਼ਕਤੀਕਰਨ ਦੇ ਨਾਲ-ਨਾਲ ਲੋਕਾਂ ਨੂੰ ਬਿਹਤਰ ਜਨਤਕ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਇਨ੍ਹਾਂ ਕੰਮਾਂ ਤਹਿਤ ਕੁੱਲ 258 ਆਂਗਣਵਾੜੀ ਕੇਂਦਰਾਂ, 4 ਕਮਿਊਨਿਟੀ ਕੰਪਲੈਕਸਾਂ ਅਤੇ 6 ਵਾਧੂ ਕਲਾਸ ਰੂਮਾਂ ਦਾ ਨਿਰਮਾਣ ਮੁਕੰਮਲ ਕੀਤਾ ਜਾਵੇਗਾ।ਮੰਤਰੀ ਨੇ ਦੱਸਿਆ ਕਿ ਗੁਰਦਾਸਪੁਰ ਬਲਾਕ ਵਿੱਚ 78 ਆਂਗਣਵਾੜੀ ਕੇਂਦਰਾਂ ਅਤੇ ਇੱਕ ਕਮਿਊਨਿਟੀ ਕੰਪਲੈਕਸ ਦਾ ਕੰਮ ਪੂਰਾ ਕੀਤਾ ਜਾਵੇਗਾ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਬਲਾਕ ਵਿੱਚ 57 ਆਂਗਣਵਾੜੀ ਕੇਂਦਰਾਂ, ਇੱਕ ਕਮਿਊਨਿਟੀ ਕੰਪਲੈਕਸ ਅਤੇ 5 ਵਾਧੂ ਕਲਾਸ ਰੂਮਾਂ ਦੇ ਨਿਰਮਾਣ ਕਾਰਜ ਹੋਣਗੇ।ਕਲਾਨੌਰ ਬਲਾਕ ਵਿੱਚ 51 ਆਂਗਣਵਾੜੀ ਕੇਂਦਰਾਂ, ਇੱਕ ਕਮਿਊਨਿਟੀ ਕੰਪਲੈਕਸ ਅਤੇ ਇੱਕ ਵਾਧੂ ਕਲਾਸ ਰੂਮ ਦਾ ਕੰਮ ਮੁਕੰਮਲ ਕੀਤਾ ਜਾਵੇਗਾ। ਧਾਰੀਵਾਲ ਬਲਾਕ ਵਿੱਚ 72 ਆਂਗਣਵਾੜੀ ਕੇਂਦਰਾਂ ਅਤੇ ਇੱਕ ਕਮਿਊਨਿਟੀ ਕੰਪਲੈਕਸ ਦੇ ਨਿਰਮਾਣ ਕਾਰਜ ਪੂਰੇ ਕੀਤੇ ਜਾਣਗੇ।ਡਾ. ਬਲਜੀਤ ਕੌਰ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਸਥਾਈ ਭਾਈਚਾਰਕ ਸੰਪਤੀਆਂ ਦੀ ਸਿਰਜਣਾ ਹੋਵੇਗੀ ਅਤੇ ਬੱਚਿਆਂ, ਮਹਿਲਾਵਾਂ ਸਮੇਤ ਸਥਾਨਕ ਵਸਨੀਕਾਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ। ਆਂਗਣਵਾੜੀ ਕੇਂਦਰਾਂ ਅਤੇ ਵਾਧੂ ਕਲਾਸ ਰੂਮਾਂ ਦੇ ਨਿਰਮਾਣ ਨਾਲ ਬਾਲ ਸੰਭਾਲ ਅਤੇ ਸਿੱਖਿਆ ਨਾਲ ਸਬੰਧਤ ਸੇਵਾਵਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਤੱਕ ਵਿਕਾਸ ਦੇ ਲਾਭ ਪਹੁੰਚਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਰਾਹੀਂ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਉਣਾ ਸਰਕਾਰ ਦੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਹੈ ਅਤੇ ਇਹ ਉਪਰਾਲੇ ‘ਰੰਗਲਾ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇੱਕ ਹੋਰ ਕਦਮ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH